• ਪੁਰਾਣੀ ਕੰਪਨੀ ਦਾ ਮਾਮਲਾ ਸੁਲਝਾਉਣ ਲਈ ਮੇਅਰ ਨੇ ਅੱਜ ਸੱਦੀ ਮੀਟਿੰਗ • ਅਜੇ ਵੀ ਪੁਰਾਣੀ ਕੰਪਨੀ ਵਲੋਂ ਕਈ ਕੰਮਾਂ ਬਾਰੇ ਦੇਣੀਆਂ ਨੇ ਅੰਤਿਮ ਰਿਪੋਰਟਾਂ <br/> ਵਿਕਾਸ ਕੰਮਾਂ ਦੀ ਜਾਂਚ ਲਈ ਕੰਪਨੀ ਦੀਆਂ ਦੁਬਾਰਾ ਸੇਵਾਵਾਂ ਲਵੇਗਾ ਨਿਗਮ
ਅਜੀਤ ਡੈਸਕ
20-04-2026
ਸ਼ਹਿਰ 'ਚ ਵਿਕਾਸ ਕੰਮਾਂ ਦੀ ਗੁਣਵੱਤਾ ਨੂੰ ਲੈ ਕੇ ਕਈ ਕੰਮਾਂ ਦੀ ਕਾਫ਼ੀ ਚਰਚਾ ਹੁੰਦੀ ਰਹੀ ਹੈ | ਇਨ੍ਹਾਂ 'ਚ ਮਾਸਟਰ ਗੁਰਬੰਤਾ ਸਿੰਘ ਮਾਰਗ ਦੀ 95 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੜਕ ਕੁਝ ਸਮੇਂ 'ਚ ਉੱਖੜ ਗਈ ਸੀ, ਜਿਸ ਬਾਰੇ ਮੇਅਰ ਵਨੀਤ ਧੀਰ ਵਲੋਂ ਬਕਾਇਦਾ ਠੇਕੇਦਾਰ ਦੀ ਅਦਾਇਗੀ ਰੋਕਣ ਦੀ ਹਦਾਇਤ ਦਿੱਤੀ ਸੀ | ਇਸ ਤੋਂ ਇਲਾਵਾ ਕਈ ਥਾਵਾਂ 'ਤੇ ਬਜਰੀ ਉਖ਼ੜਣ ਤੇ ਹੋਰ ਵੀ ਕੰਮਾਂ ਦੀ ਗੁਣਵੱਤਾ ਬਾਰੇ ਲੋਕ ਸ਼ਿਕਾਇਤਾਂ ਕਰਦੇ ਰਹੇ ਹਨ | ਲੋਕਾਂ ਦਾ ਕਹਿਣਾ ਸੀ ਕਿ ਜਾਂਚ ਏਜੰਸੀ ਨੂੰ ਨਾ ਸਿਰਫ਼ ਵਿਕਾਸ ਕੰਮਾਂ ਦੀ ਸਗੋਂ ਸਟਰੀਟ ਲਾਈਟਾਂ ਲਗਾਉਣ ਦੇ ਮਾਮਲੇ ਵਿਚ ਕੰਮਾਂ ਦੀ ਗੁਣਵੱਤਾ ਦੀ ਜਾਂਚ ਕਰਨੀ ਚਾਹੀਦੀ ਹੈ ਕਿਉਂਕਿ ਕੁਝ ਸਮਾਂ ਪਹਿਲਾਂ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਦੇ ਵਾਰਡ ਰਾਮਾ ਮੰਡੀ 'ਚ ਜਿਹੜੀਆਂ ਸਟਰੀਟ ਲਾਈਟਾਂ ਲਗਾਈਆਂ ਸੀ, ਉਨ੍ਹਾਂ ਨੂੰ ਕਲੰਪ ਨਾਲ ਨਹੀਂ ਸਗੋਂ ਤਾਰਾਂ ਨਾਲ ਬੰਨਿ੍ਹਆ ਗਿਆ ਸੀ, ਜਿਸ ਦੀ ਕਾਫ਼ੀ ਚਰਚਾ ਹੋਈ ਸੀ |
ਜਲੰਧਰ, 19 ਅਪ੍ਰੈਲ (ਸ਼ਿਵ)-ਨਗਰ ਨਿਗਮ ਵਲੋਂ ਸ਼ਹਿਰ 'ਚ ਹਰ ਸਾਲ ਜਿਹੜੇ ਵਿਕਾਸ ਦੇ ਕੰਮ ਕਰਵਾਏ ਜਾਂਦੇ ਹਨ, ਉਨ੍ਹਾਂ ਦੀ ਜਾਂਚ ਕਰਵਾਉਣ ਲਈ ਹੁਣ ਨਗਰ ਨਿਗਮ ਵਲੋਂ ਦੁਬਾਰਾ ਜਾਂਚ ਏਜੰਸੀ ਦੀ ਮਦਦ ਲਈ ਕੁਟੇਸ਼ਨਾਂ ਮੰਗਣ ਦਾ ਫ਼ੈਸਲਾ ਕੀਤਾ ਗਿਆ ਹੈ | ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਹੀ ਨਗਰ ਨਿਗਮ ਵਲੋਂ ਜਾਂਚ ਏਜੰਸੀ ਨੂੰ ਵਿਕਾਸ ਦੇ ਕੰਮਾਂ ਦੀ ਜਾਂਚ ਲਈ ਏਜੰਸੀ ਨੂੰ ਕੰਮ ਦਿੱਤਾ ਜਾਂਦਾ ਹੈ | ਇਹ ਕੰਮ ਉਨ੍ਹਾਂ ਕੰਪਨੀਆਂ ਨੂੰ ਦਿੱਤਾ ਜਾਂਦਾ ਹੈ ਜਿਹੜੀਆਂ ਕੰਪਨੀ ਸਰਕਾਰ ਦੇ ਪੈਨਲ ਤੇ ਅਤੇ ਜਿਨ੍ਹਾਂ ਕੰਪਨੀਆਂ ਦਾ ਸਭ ਤੋਂ ਘੱਟ ਰੇਟ ਹੁੰਦਾ ਹੈ, ਉਸ ਕੰਪਨੀ ਨੂੰ ਹੀ ਕੰਮ ਅਲਾਟ ਕੀਤਾ ਜਾਂਦਾ ਹੈ | ਨਗਰ ਨਿਗਮ ਵਲੋਂ ਜਿਨ੍ਹਾਂ ਵਿਕਾਸ ਦੇ ਕੰਮਾਂ ਦੀ ਜਾਂਚ ਕਰਵਾਈ ਜਾਂਦੀ ਹੈ | ਉਸ ਨਾਲ ਵਿਕਾਸ ਕੰਮਾਂ ਦੀ ਗੁਣਵੱਤਾ ਬਣੀ ਰਹਿੰਦੀ ਹੈ | ਜਿਸ ਜਾਂਚ ਏਜੰਸੀ ਨੂੰ ਜਾਂਚ ਦਾ ਕੰਮ ਦਿੱਤਾ ਜਾਂਦਾ ਹੈ, ਉਹ ਠੇਕੇਦਾਰ ਵਲੋਂ ਸਮੇਂ-ਸਮੇਂ 'ਤੇ ਵਿਕਾਸ ਦੇ ਕੰਮਾਂ ਦੇ ਨਮੂਨੇ ਲੈ ਕੇ ਜਾਂਚ ਕਰਦੀ ਹੈ | ਜਾਂਚ ਏਜੰਸੀ ਦੀਆਂ ਰਿਪੋਰਟਾਂ ਤੋਂ ਬਾਅਦ ਹੀ ਠੇਕੇਦਾਰਾਂ ਨੂੰ ਅਦਾਇਗੀ ਕੀਤੀ ਜਾਂਦੀ ਹੈ | ਦੱਸਿਆ ਜਾਂਦਾ ਹੈ ਕਿ ਕੁਝ ਸਮੇਂ ਤੋਂ ਜਾਂਚ ਏਜੰਸੀ ਵਲੋਂ ਵਿਕਾਸ ਦੇ ਕੰਮਾਂ ਦੀ ਜਾਂਚ ਦਾ ਕੰਮ ਬੰਦ ਹੈ, ਜਿਸ ਕਰਕੇ ਕਈ ਘਟੀਆ ਕੰਮ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ | ਨਿਗਮ ਵਲੋਂ ਵਿਕਾਸ ਦੇ ਕੰਮਾਂ ਦੀ ਪਹਿਲਾਂ ਸ੍ਰੀ ਖੰਡੇ ਜਾਂਚ ਏਜੰਸੀ ਨੂੰ ਜਾਂਚ ਦਾ ਕੰਮ ਦਿੱਤਾ ਗਿਆ ਸੀ ਪਰ ਉਨ੍ਹਾਂ ਦੇ ਕੰਮ ਦਾ ਕਾਰਜਕਾਲ ਖ਼ਤਮ ਹੋ ਗਿਆ ਹੈ ਪਰ ਅਜੇ ਨਿਗਮ ਵਲੋਂ ਵੀ ਉਕਤ ਕੰਪਨੀ ਦੀ ਅਦਾਇਗੀ ਕੀਤੀ ਜਾਣੀ ਹੈ | ਕੰਪਨੀ ਨੇ ਅਜੇ ਕਈ ਵਿਕਾਸ ਦੇ ਕੰਮਾਂ ਦੀ ਫਾਈਨਲ ਰਿਪੋਰਟਾਂ ਨਹੀਂ ਦਿੱਤੀਆਂ ਹਨ | ਉਨ੍ਹਾਂ ਫਾਈਨਲ ਰਿਪੋਰਟਾਂ ਦੇ ਆਉਣ ਤੋਂ ਬਾਅਦ ਏਜੰਸੀ ਦੀ ਅਦਾਇਗੀ 'ਤੇ ਫ਼ੈਸਲਾ ਕੀਤਾ ਜਾਣਾ ਹੈ ਸਗੋਂ ਅੰਤਿਮ ਰਿਪੋਰਟ ਆਉਣ ਤੋਂ ਬਾਅਦ ਠੇਕੇਦਾਰਾਂ ਦੀਆਂ ਰਹਿ ਗਈਆਂ ਅਦਾਇਗੀਆਂ ਵੀ ਕੀਤੀਆਂ ਜਾਣੀਆਂ ਹਨ | ਉਂਜ ਸ੍ਰੀ ਖੰਡੇ ਏਜੰਸੀ ਦੀ ਅਦਾਇਗੀ ਤੇ ਕਈ ਵਿਕਾਸ ਦੇ ਕੰਮਾਂ ਬਾਰੇ ਰਹਿੰਦੀਆਂ ਫਾਈਨਲ ਰਿਪੋਰਟਾਂ ਬਾਰੇ ਫ਼ੈਸਲਾ ਕਰਨ ਲਈ ਮੇਅਰ ਵਨੀਤ ਧੀਰ ਵਲੋਂ ਸੋਮਵਾਰ ਨੂੰ ਕੰਪਨੀ ਦੇ ਪ੍ਰਤੀਨਿਧਾਂ ਨੂੰ ਸੱਦਿਆ ਗਿਆ ਹੈ | ਏਜੰਸੀ ਦੀ ਅਦਾਇਗੀ ਤੇ ਹੋਰ ਅਹਿਮ ਮਾਮਲਿਆਂ ਬਾਰੇ ਵਿਚਾਰਾਂ ਕੀਤੀਆਂ ਜਾਣੀਆਂ ਹਨ | ਉਧਰ ਨਿਗਮ ਵਲੋਂ ਜਿਹੜੇ ਵਿਕਾਸ ਦੇ ਕੰਮਾਂ ਦੀ ਦੁਬਾਰਾ ਜਾਂਚ ਲਈ, ਜਿਸ ਏਜੰਸੀ ਨੂੰ ਕੰਮ ਦਿੱਤਾ ਜਾਣਾ ਹੈ | ਉਸ ਬਾਰੇ ਬੀ. ਐਂਡ ਆਰ. ਦੇ ਐਸ. ਈ. ਰਾਹੁਲ ਧਵਨ ਦਾ ਕਹਿਣਾ ਸੀ ਕਿ ਸਰਕਾਰ ਦੇ ਪੈਨਲ ਵਾਲੀਆਂ ਕੰਪਨੀਆਂ ਤੋਂ ਕੁਟੇਸ਼ਨਾਂ ਮੰਗੀਆਂ ਜਾ ਰਹੀਆਂ ਹਨ | ਘੱਟ ਰੇਟਾਂ ਵਾਲਿਆਂ ਨੂੰ ਕੰਮ ਅਲਾਟ ਕੀਤੇ ਜਾਣਗੇ | ਚੇਤੇ ਰਹੇ ਕਿ ਵਿਕਾਸ ਦੇ ਕੰਮਾਂ ਦੀ ਜਾਂਚ ਜ਼ਰੂਰੀ ਹੈ ਤੇ ਇਸ ਬਾਰੇ ਪੰਜਾਬ ਸਰਕਾਰ ਦੀ ਸਪੱਸ਼ਟ ਹਦਾਇਤ ਹੈ | ਸ੍ਰੀ ਖੰਡੇ ਕੰਪਨੀ ਕਾਫ਼ੀ ਸਮੇਂ ਤੋਂ ਵਿਕਾਸ ਦੇ ਕੰਮਾਂ ਦੀ ਜਾਂਚ ਕਰਦੀ ਰਹੀ ਹੈ ਤੇ ਜਿਥੇ ਵਿਕਾਸ ਦੇ ਕੰਮਾਂ ਦੀ ਗੁਣਵੱਤਾ ਵਿਚ ਕਮੀ ਦੇਖੀ ਗਈ ਹੈ, ਉਥੇ ਸੁਧਾਰ ਕਰਵਾਏ ਗਏ ਹਨ ਪਰ ਕਾਫ਼ੀ ਸਮੇਂ ਤੋਂ ਕੰਪਨੀ ਨਾ ਹੋਣ ਕਰਕੇ ਵਿਕਾਸ ਕੰਮਾਂ ਦੀ ਗੁਣਵੱਤਾ 'ਤੇ ਕਾਫ਼ੀ ਅਸਰ ਪਿਆ ਹੈ |