ਮਕਸੂਦਾਂ, 19 ਅਪ੍ਰੈਲ (ਸੌਰਵ ਮਹਿਤਾ)-ਜਲੰਧਰ ਦੇ ਗੁੱਜਾ ਪੀਰ ਰੋਡ ਇਲਾਕੇ ਵਿਚ ਬਿਜਲੀ ਵਿਭਾਗ ਦੇ ਕਰਮਚਾਰੀਆਂ 'ਤੇ ਹਮਲੇ ਦੀ ਗੰਭੀਰ ਘਟਨਾ ਸਾਹਮਣੇ ਆਈ ਹੈ, ਜਿਸ ਨਾਲ ਨਾ ਸਿਰਫ ਸਰਕਾਰੀ ਕਰਮਚਾਰੀਆਂ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਹੋਏ ਹਨ, ਸਗੋਂ ਆਮ ਲੋਕਾਂ ਵਿਚ ਵੀ ਡਰ ਦਾ ਮਾਹੌਲ ਬਣ ਗਿਆ ਹੈ | ਜਾਣਕਾਰੀ ਮੁਤਾਬਿਕ ਬੀਤੀ ਰਾਤ ਇਲਾਕੇ ਵਿਚ ਬਿਜਲੀ ਨਾ ਹੋਣ ਕਾਰਨ ਬਿਜਲੀ ਬੋਰਡ ਨੂੰ ਸ਼ਿਕਾਇਤ ਪ੍ਰਾਪਤ ਹੋਈ ਸੀ | ਸ਼ਿਕਾਇਤ ਦੇ ਨਿਪਟਾਰੇ ਲਈ ਲਾਈਨਮੈਨ ਮਨੋਹਰ ਲਾਲ ਆਪਣੇ ਸਾਥੀ ਰਾਜਵੀਰ ਨਾਲ ਕਰੀਬ ਅੱਧੀ ਰਾਤ ਤੋਂ ਬਾਅਦ ਮੌਕੇ 'ਤੇ ਪਹੁੰਚੇ | ਜਿਵੇਂ ਹੀ ਉਹ ਗੁੱਜਾ ਪੀਰ ਰੋਡ ਨੇੜੇ ਬਿਜਲੀ ਦੀ ਖਰਾਬੀ ਚੈੱਕ ਕਰਨ ਲੱਗੇ, ਅਚਾਨਕ ਮੋਟਰਸਾਈਕਲ 'ਤੇ ਸਵਾਰ ਤਿੰਨ ਅਣਪਛਾਤੇ ਲੁਟੇਰਿਆਂ ਨੇ ਉਨ੍ਹਾਂ ਨੂੰ ਘੇਰ ਲਿਆ | ਲੁਟੇਰਿਆਂ ਨੇ ਬਿਨਾਂ ਕਿਸੇ ਉਕਸਾਵੇ ਦੇ ਹਥਿਆਰਾਂ ਨਾਲ ਮਨੋਹਰ ਲਾਲ 'ਤੇ ਹਮਲਾ ਕਰ ਦਿੱਤਾ ਤੇ ਉਨ੍ਹਾਂ ਦਾ ਮੋਬਾਈਲ ਫੋਨ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ | ਹਮਲੇ ਦੌਰਾਨ ਮਨੋਹਰ ਲਾਲ ਜ਼ਖ਼ਮੀ ਹੋ ਗਏ ਤੇ ਲਹੂ-ਲੁਹਾਨ ਹਾਲਤ 'ਚ ਡਿੱਗ ਪਏ | ਉਨ੍ਹਾਂ ਦੇ ਸਾਥੀ ਰਾਜਵੀਰ ਨੇ ਆਪਣੀ ਜਾਨ ਬਚਾਉਂਦੇ ਹੋਏ ਮੌਕੇ ਤੋਂ ਦੌੜ ਕੇ ਹੋਰ ਅਧਿਕਾਰੀਆਂ ਨੂੰ ਸੂਚਿਤ ਕੀਤਾ | ਬਾਅਦ ਵਿਚ ਜ਼ਖ਼ਮੀ ਲਾਈਨਮੈਨ ਨੂੰ ਤੁਰੰਤ ਨਜ਼ਦੀਕੀ ਨਿੱਜੀ ਹਸਪਤਾਲ ਪਹੁੰਚਾਇਆ ਗਿਆ, ਜਿਥੇ ਇਲਾਜ ਦੇਣ ਤੋਂ ਬਾਅਦ ਉਨ੍ਹਾਂ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ | ਇਸ ਸੰਬੰਧੀ ਬਿਜਲੀ ਬੋਰਡ ਦੇ ਅਧਿਕਾਰੀਆਂ ਵਲੋਂ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ | ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ |