ਜਲੰਧਰ, 20 ਅਪ੍ਰੈਲ (ਐੱਮ. ਐੱਸ. ਲੋਹੀਆ) - ਖੇਤਰ ਦੇ ਡਾਕਟਰਾਂ ਨੂੰ ਅਤਿ-ਆਧੁਨਿਕ ਇਲਾਜ ਅਤੇ ਤਕਨੀਕਾਂ ਸਬੰਧੀ ਜਾਗਰੂਕ ਕਰਨ ਲਈ ਕੈਪੀਟੋਲ ਹਸਪਤਾਲ ਦੇ ਮਾਹਿਰਾਂ ਵਲੋਂ ਵਿਸ਼ੇਸ਼ ਸੈਮੀਨਾਰ ਕੀਤਾ ਗਿਆ, ਜਿਸ ਦੌਰਾਨ ਹਸਪਤਾਲ 'ਚ ਵੱਖ-ਵੱਖ ਬਿਮਾਰੀਆਂ ਦਾ ਸਫ਼ਲਤਾ ਨਾਲ ਇਲਾਜ ਕਰ ਰਹੇ ਮਾਹਿਰਾਂ ਵਲੋਂ ਆਪਣੇ ਤਜਰਬੇ ਅਤੇ ਜਾਣਕਾਰੀ ਸਾਂਝੀ ਕੀਤੀ ਗਈ | ਇਸ ਸੈਮੀਨਾਰ ਦੌਰਾਨ ਵੱਖ-ਵੱਖ ਸ਼ਹਿਰਾਂ ਤੋਂ ਆਏ ਸਪੈਸ਼ਲਿਸਟ ਅਤੇ ਸੁਪਰ-ਸਪੈਸ਼ਲਿਸਟ ਸਮੇਤ ਕਰੀਬ 180 ਡਾਕਟਰਾਂ ਨੇ ਭਾਗ ਲਿਆ | ਸੈਮੀਨਾਰ ਦੌਰਾਨ ਮੌਜੂਦਾ ਮੈਡੀਕਲ ਚੁਣੌਤੀਆਂ, ਨਵੀਆਂ ਤਕਨੀਕਾਂ ਅਤੇ ਮਰੀਜ਼ਾਂ ਨੂੰ ਬਿਹਤਰ ਇਲਾਜ ਦੇਣ ਲਈ ਵਿਚਾਰ-ਵਟਾਂਦਰਾ ਵੀ ਕੀਤਾ ਗਿਆ | ਇਹ ਪ੍ਰੋਗਰਾਮ ਡਾਕਟਰਾਂ ਲਈ ਆਪਣੇ ਗਿਆਨ ਨੂੰ ਅਪਡੇਟ ਕਰਨ ਅਤੇ ਨਵੀਆਂ ਤਕਨੀਕਾਂ ਨਾਲ ਜਾਣੂ ਹੋਣ ਲਈ ਇਕ ਮਹੱਤਵਪੂਰਨ ਮੰਚ ਸਾਬਤ ਹੋਇਆ | ਹਸਪਤਾਲ ਦੇ ਚੇਅਰਮੈਨ ਡਾ. ਸੀ.ਐੱਸ. ਪਰੂਥੀ ਅਤੇ ਮੈਡੀਕਲ ਡਾਇਰੈਕਟਰ ਡਾ. ਹਰਨੂਰ ਸਿੰਘ ਪਰੂਥੀ ਦੇ ਉਪਰਾਲੇ ਸਦਕਾ ਕਰਵਾਏ ਗਏ ਇਸ ਸੈਮੀਨਾਰ ਦੌਰਾਨ ਕੈਪੀਟੋਲ ਦੇ ਕੰਸਲਟੈਂਟ ਆਰਥੋਪੈਡਿਕਸ ਐਂਡ ਜੁਆਇੰਟ ਰਿਪਲੇਸਮੈਂਟ ਸਰਜਨ ਡਾ. ਡੀ.ਪੀ. ਸਿੰਘ ਮੱਕੜ ਅਤੇ ਡਾ. ਗੁਰਪ੍ਰੀਤ ਸਿੰਘ ਜੋਸਨ ਨੇ ਗੋਡੇ ਬਦਲਣ ਦੀ ਰੋਬੋਟਿਕ ਸਰਜਰੀ ਬਾਰੇ ਦਸਿਆ ਕਿ ਇਹ ਤਕਨੀਕ ਸਰਜਰੀ 'ਚ ਹੋਰ ਵੀ ਸਟੀਕਤਾ ਲਿਆਉਂਦੀ ਹੈ, ਜਿਸ ਨਾਲ ਮਰੀਜ਼ਾਂ ਨੂੰ ਬਿਹਤਰ ਨਤੀਜੇ ਪ੍ਰਾਪਤ ਹੁੰਦੇ ਹਨ | ਕੰਸਲਟੈਂਟ ਓਨਕੋ ਸਰਜਨ ਡਾ. ਯੋਗੇਸ਼ ਗਾਊਬਾ ਨੇ ਕੈਪੀਟੋਲ ਹਸਪਤਾਲ 'ਚ ਉਪਲਬਧ ਕੈਂਸਰ ਦੇ ਨਵੇਂ ਅਤੇ ਅਧੁਨਿਕ ਇਲਾਜ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਨਾਲ ਹੀ ਕੈਂਸਰ ਤੋਂ ਬਚਾਅ ਅਤੇ ਇਸਦੀ ਸ਼ੁਰੂਆਤੀ ਪੜਾਅ 'ਚ ਪਛਾਣ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ | ਕੰਸਲਟੈਂਟ ਯੂਰੋਲੋਜਿਸਟ ਡਾ. ਵਿਕਰਾਂਤ ਮਹਾਜਨ ਨੇ ਐਡਵਾਂਸ ਐਂਡੋ-ਯੂਰੋਲੋਜੀ 'ਚ ਹਾਈ ਪਾਵਰ ਲੇਜ਼ਰ ਸਿਸਟਮ ਦੀ ਭੂਮਿਕਾ ਬਾਰੇ ਦੱਸਿਆ, ਜੋ ਕੈਪੀਟੋਲ ਹਸਪਤਾਲ 'ਚ ਉਪਲਬਧ ਹੈ ਅਤੇ ਮਰੀਜ਼ਾਂ ਨੂੰ ਬਿਹਤਰ ਇਲਾਜ ਮੁਹੱਈਆ ਕਰਦੀ ਹੈ | ਕੰਸਲਟੈਂਟ ਯੂਰੋਲੋਜਿਸਟ ਐਂਡ ਕਿਡਨੀ ਟ੍ਰਾਂਸਪਲਾਂਟ ਸਰਜਨ ਡਾ. ਵਰਿੰਦਰ ਵਿਰਦੀ ਨੇ ਕਿਡਨੀ (ਗੁਰਦੇ) ਟ੍ਰਾਂਸਪਲਾਂਟ ਦੇ ਨਵੇਂ ਅਪਡੇਟ ਸਾਂਝੇ ਕੀਤੇ ਅਤੇ ਇਸ ਖੇਤਰ 'ਚ ਹੋ ਰਹੀ ਤਰੱਕੀ ਬਾਰੇ ਜਾਣਕਾਰੀ ਦਿੱਤੀ | ਕੰਸਲਟੈਂਟ ਜਨਰਲ ਐਂਡ ਲੈਪਰੋਸਕੋਪਿਕ ਸਰਜਨ ਡਾ. ਹਰਸ਼ਪ੍ਰੀਤ ਮੱਟਾ ਨੇ ਹਰਨੀਆਂ ਦੀ ਸਰਜਰੀ 'ਚ ਈ. ਟੈਪ ਤਕਨੀਕ ਨੂੰ ਇਕ ਸਮਾਰਟ ਅਤੇ ਸੇਫ਼ਰ ਐਪ੍ਰੋਚ ਵਜੋਂ ਪ੍ਰਦਰਸ਼ਿਤ ਕੀਤਾ | ਕੈਪੀਟੋਲ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾ. ਹਰਨੂਰ ਸਿੰਘ ਪਰੂਥੀ ਨੇ ਆਪਣੇ ਸੰਬੋਧਨ 'ਚ ਇਤਿਆਤਨ ਦੇਖਭਾਲ, ਸਮੇਂ-ਸਮੇਂ 'ਤੇ ਜਾਂਚ ਅਤੇ ਸਿਹਤ ਸਿੱਖਿਆ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਜੇਕਰ ਲੋਕ ਸਮੇਂ ਸਿਰ ਆਪਣੀ ਜਾਂਚ ਕਰਵਾਉਣ ਅਤੇ ਸਿਹਤ ਪ੍ਰਤੀ ਸੁਚੇਤ ਰਹਿਣ ਤਾਂ ਕਈ ਗੰਭੀਰ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ | ਪੰਜਾਬ ਮੈਡੀਕਲ ਕੌਂਸਲ ਵਲੋਂ ਡਾ. ਜੈਸਮੀਨ ਕੌਰ ਅਤੇ ਹੋਰ ਕਈ ਮਾਹਿਰ ਡਾਕਟਰਾਂ ਨੇ ਵੀ ਇਸ ਪ੍ਰੋਗਰਾਮ 'ਚ ਭਾਗ ਲਿਆ |