ਚੁਗਿੱਟੀ/ਜੰਡੂਸਿੰਘਾ, 21 ਅਪ੍ਰੈਲ (ਨਰਿੰਦਰ ਲਾਗੂ)-ਜਲੰਧਰ ਹਲਕਾ ਕੇਂਦਰ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਨਿਤਿਨ ਕੋਹਲੀ ਵਲੋਂ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ | ਜਾਣਕਾਰੀ ਦਿੰਦੇ ਹੋਏ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਅਜੈਬ ਨੇ ਦੱਸਿਆ ਕਿ ਉਕਤ ਇਲਾਕੇ 'ਚ ਕਈ ਥਾੲੀਂ ਸੜਕਾਂ ਕਾਫੀ ਮੰਦੀ ਹਾਲਤ 'ਚ ਹਨ, ਜਿਨ੍ਹਾਂ 'ਤੇ ਪਏ ਟੋਇਆਂ ਕਾਰਨ ਅਕਸਰ ਹਾਦਸੇ ਹੁੰਦੇ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਸਟਰੀਟ ਲਾਈਟਾਂ ਪੱਖੋਂ ਵੀ ਲੋਕ ਪ੍ਰੇਸ਼ਾਨੀ ਝੱਲ ਰਹੇ ਹਨ | ਕਈ ਸਟਰੀਟ ਲਾਈਟਾਂ ਤਕਨੀਕੀ ਖਰਾਬੀ ਕਾਰਨ ਜਗਦੀਆਂ ਹੀ ਨਹੀਂ ਹਨ ਜਿਸ ਕਾਰਨ ਰਾਤ ਨੂੰ ਚੋਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਹੋਣ ਦਾ ਡਰ ਬਣਿਆ ਰਹਿੰਦਾ ਹੈ | ਉਨ੍ਹਾਂ ਆਖਿਆ ਕਿ ਮਗਰਲੇ ਦਿਨਾਂ 'ਚ ਜਿਥੇ ਚੋਰਾਂ ਵਲੋਂ ਕਈ ਘਰਾਂ ਨੂੰ ਨਿਸ਼ਾਨਾ ਬਣਾ ਕੇ ਕੀਮਤੀ ਸਾਮਾਨ ਤੇ ਨਕਦੀ ਚੋਰੀ ਕੀਤੀ ਗਈ ਉਥੇ ਹੀ ਨਕਾਬਪੋਸ਼ ਲੁਟੇਰਿਆਂ ਵਲੋਂ ਰਾਹ ਜਾਂਦੇ ਲੋਕਾਂ ਨੂੰ ਘੇਰ ਕੇ ਉਨ੍ਹਾਂ ਤੋਂ ਮੋਬਾਈਲ ਤੇ ਪੈਸੇ ਲੁੱਟ ਲਏ ਗਏ ਜਿਨ੍ਹਾਂ ਸੰਬੰਧੀ ਪੀੜਤਾਂ ਵਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਇਸ ਇਲਾਕੇ 'ਚ ਪੁਲਿਸ ਗਸ਼ਤ ਵਧਾਉਣ ਦੀ ਮੰਗ ਕੀਤੀ ਗਈ ਪਰ ਕੋਈ ਸੁਣਵਾਈ ਨਹੀਂ ਹੋਈ | ਅਜੈਬ ਨੇ ਕਿਹਾ ਕਿ ਉਕਤ ਤਮਾਮ ਸਮੱਸਿਆਵਾਂ ਦਾ ਛੇਤੀ ਹੱਲ ਕੀਤੇ ਜਾਣ ਦਾ ਭਰੋਸਾ ਨਿਤਿਨ ਕੋਹਲੀ ਵਲੋਂ ਖੇਤਰ ਵਸਨੀਕਾਂ ਨੂੰ ਦੁਆਇਆ ਗਿਆ ਹੈ | ਇਸ ਮੌਕੇ ਪੰਕਜ ਕੁਮਾਰ, ਤਰਲੋਚਨ ਸਿੰਘ ਆਦਿ ਸਮੇਤ ਕਈ ਹੋਰ ਲੋਕ ਹਾਜ਼ਰ ਸਨ |