ਦੁਸਾਂਝ ਕਲਾਂ, 21 ਅਪ੍ਰੈਲ (ਰਾਮ ਪ੍ਰਕਾਸ਼ ਟੋਨੀ)-ਕਰੀਬੀ ਪਿੰਡ ਇੰਦਣਾ ਕਲਸਕੇ ਦੇ ਜਸਵਿੰਦਰ ਸਿੰਘ ਉਰਫ ਬੁੱਧੂ ਉਮਰ ਕਰੀਬ 58 ਸਾਲ ਪਿਤਾ ਹਰਬੰਸ ਸਿੰਘ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਉਨ੍ਹਾਂ ਦੇ ਬੇਟੇ ਗੁਰਪਾਲ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਰਾਜ ਮਿਸਤਰੀ ਦਾ ਕੰਮ ਕਰਦਾ ਸੀ | ਉਸ ਨੇ ਪਿੰਡ ਵਿਰਕਾਂ ਦੇ ਇਕਬਾਲ ਮੁਹੰਮਦ ਉਰਫ ਬਾਲੀ ਪਿਤਾ ਫ਼ਕੀਰ ਮੁਹੰਮਦ ਦੇ ਕੋਠੀ ਦਾ ਠੇਕਾ ਲਿਆ ਹੋਇਆ ਸੀ | ਪਿੰਡ ਵਿਰਕਾ ਵਿਖੇ ਰਾਜ ਮਿਸਤਰੀ ਦਾ ਕੰਮ ਸੀ | ਮਾਲਕ ਉਸ ਤੋਂ ਵਾਧੂ ਕੰਮ ਕਰਾਉਂਦੇ ਸੀਤੇ ਜਲਦੀ ਕੰਮ ਮਕਾਉਣ ਲਈ ਮਜ਼ਬੂਰ ਕਰਦੇ ਸੀ | ਮੇਰਾ ਪਿਤਾ ਆਪਣੇ ਕੀਤੇ ਕੰਮ ਦੇ ਪੈਸੇ ਮੰਗਦਾ ਸੀ | ਉਹ ਪੈਸਾ ਨਹੀਂ ਦੇ ਰਹੇ ਸੀ | ਉਹ ਮੇਰੇ ਪਿਤਾ ਨੂੰ ਵਾਰ-ਵਾਰ ਫੋਨ ਕਰਕੇ ਤੰਗ ਪ੍ਰੇਸ਼ਾਨ ਕਰਦੇ ਸੀ | ਇਸ ਸਮੇਂ ਉਨ੍ਹਾਂ ਦੇ ਨਾਲ ਪਿੰਡ ਦੇ ਹੋਰ ਮੁਹਤਬਰ ਵਿਅਕਤੀ ਵੀ ਹਾਜ਼ਰ ਸਨ | ਇਸ ਸਮੇਂ ਪਰਿਵਾਰ ਦੇ ਮੈਂਬਰਾਂ ਨੇ ਪੁਲਿਸ ਕੋਲੋਂ ਇਨਸਾਫ਼ ਦੀ ਮੰਗ ਕੀਤੀ | ਗੁਰਪਾਲ ਸਿੰਘ ਨੇ ਦੱਸਿਆ ਅਸੀਂ ਪੁਲਿਸ ਨੂੰ ਲਿਖਤੀ ਦਰਖ਼ਾਸਤ ਦੇ ਦਿੱਤੀ ਹੈ | ਇਹ ਗੱਲ ਮੈਨੂੰ ਕੱਲ੍ਹ ਜਦੋਂ ਹਸਪਤਾਲ ਨੂੰ ਲਿਜਾਂਦੇ ਸਮੇਂ ਮੇਰੇ ਪਿਤਾ ਨੇ ਦੱਸੀ | ਇਸ ਮੌਕੇ ਥਾਣਾ ਗੁਰਾਇਆ ਤੋਂ ਆਏ ਤਫਤੀਸ਼ ਅਫ਼ਸਰ ਸੁਰਿੰਦਰ ਪਾਲ ਨੇ ਮਿ੍ਤਕ ਦੇ ਵਾਰਸਾਂ ਦੇ ਬਿਆਨ ਨੋਟ ਕੀਤੇ | ਜਦੋਂ ਤਫਤੀਸ਼ ਅਫ਼ਸਰ ਤੋਂ ਜਾਣਕਾਰੀ ਮੰਗੀ ਗਈ ਤਾਂ ਉਨ੍ਹਾਂ ਨੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿਤਾ | ਉਨ੍ਹਾਂ ਕਿਹਾ ਕਿ ਅਜੇ ਤਫਤੀਸ਼ ਚਲਦੀ ਹੈ | ਇਸ ਸੰਬੰਧੀ ਡੀ. ਐਸ. ਪੀ. ਫਿਲੌਰ ਭਾਰਤ ਮਸੀਹ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਲਾਸ਼ ਫਿਲੌਰ ਦੇ ਸਿਵਲ ਹਸਪਤਾਲ 'ਚ ਜਮਾਂ ਕਰਾ ਦਿੱਤੀ ਹੈ | ਕੱਲ੍ਹ ਨੂੰ ਪੋਸਟਮਾਰਟਮ ਕਰਾ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |