ਲੋਹੀਆਂ ਖਾਸ, 21 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਮੈਂ ਲਗਾਤਾਰ ਬੀ. ਡੀ. ਪੀ. ਓ. ਦਫ਼ਤਰ ਦੇ ਸਟਾਫ਼ ਦੀ ਗੈਰ-ਹਾਜ਼ਰੀ ਬਾਰੇ ਲੋਕਲ ਪੱਧਰ 'ਤੇ ਅਤੇ ਉੱਚ ਪੱਧਰ 'ਤੇ ਅਧਿਕਾਰੀਆਂ ਨੂੰ ਸੁਚੇਤ ਕਰਦਾ ਆ ਰਿਹਾਂ ਹਾਂ, ਪਰ ਮੇਰੇ ਵਲੋਂ ਸਰਕਾਰੀ ਦਫ਼ਤਰਾਂ ਦੇ ਸਟਾਫ ਸੰਬੰਧੀ ਚੁੱਕੇ ਜਾ ਰਹੇ ਮੁੱਦਿਆਂ ਕਾਰਨ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਇਨ੍ਹਾਂ ਗੰਭੀਰ ਦੋਸ਼ਾਂ ਦਾ ਪ੍ਰਗਟਾਵਾ ਗਿਆਨੀ ਸਵੀਟ ਸ਼ਾੀਪ ਲੋਹੀਆਂ ਵਿਖੇ ਰੱਖੀ ਗਈ ਇਕ ਪ੍ਰੈੱਸ ਕਾਨਫਰੰਸ ਦੌਰਾਨ ਅਮਰਜੀਤ ਸਿੰਘ ਬੱਬੂ ਮੁਰਾਜਵਾਲਾ ਹਾਲ ਵਾਸੀ ਮਲਸੀਆਂ ਰੋਡ, ਲੋਹੀਆਂ ਖਾਸ ਨੇ ਕੀਤਾ | ਉਨ੍ਹਾਂ ਕਿਹਾ ਕਿ ਮੈਂ ਇਸ ਸਾਲ 4 ਵਾਰ ਦਫ਼ਤਰ 'ਚ ਜਾ ਕੇ ਦੇਖ ਚੁੱਕਾ ਹਾਂ ਤੇ ਬੀ. ਡੀ. ਪੀ. ਓ. ਦਫ਼ਤਰ ਦਾ ਸਟਾਫ ਅਕਸਰ ਗੈਰ-ਹਾਜ਼ਰ ਰਹਿੰਦਾ ਹੈ, ਜਿਸ ਦੀਆਂ ਵੀਡੀਓਜ਼ ਮੈਂ ਆਪਣੇ ਸ਼ੋਸ਼ਲ ਮੀਡੀਆ ਅਕਾਉਂਟ 'ਤੇ ਵੀ ਪੋਸਟ ਕੀਤੀਆਂ ਅਤੇ ਉੱਚ ਅਧਿਕਾਰੀਆਂ ਨੂੰ ਵੀ ਭੇਜੀਆਂ, ਪਰ 'ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉਥੇ ਦਾ ਉਥੇ' ਵਾਂਗ ਹੀ ਕੰਮ ਚੱਲ ਰਿਹਾ ਹੈ | ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਜਦੋਂ ਬੀ. ਡੀ. ਪੀ. ਓ. ਦਫ਼ਤਰ 'ਚ ਇਕ ਕੰਪਿਊਟਰ ਉਪਰੇਟਰ ਗੈਰ-ਹਾਜ਼ਰ ਪਾਈ ਗਈ ਤਾਂ, ਉਸ ਦੇ ਪਤੀ ਵਲੋਂ ਦਫ਼ਤਰ 'ਚ ਪੁੱਜ ਕੇ ਬੀ. ਡੀ. ਪੀ. ਓ. ਦੇ ਸਾਹਮਣੇ ਮੈਨੂੰ ਫੋਨ ਲਗਾ ਕੇ ਚੰਗਾ ਮੰਦਾ ਬੋਲਿਆ ਗਿਆ ਅਤੇ ਧਮਕੀਆਂ ਦਿੱਤੀਆਂ ਗਈਆਂ ਕਿ 'ਆ ਦਫ਼ਤਰ 'ਚ ਆ, ਤੈਨੂੰ ਦੱਸਦਾ' ਵੀਡੀਓ ਕਿਵੇਂ ਬਣਾਈਦੀਆਂ ਹਨ | ਉਨ੍ਹਾਂ ਕਿਹਾ ਕਿ ਮੈਂ ਇਸ ਸੰਬੰਧੀ ਪੁਲਿਸ ਹੈਲਪ ਲਾਈਨ ਨੰਬਰ 112 'ਤੇ ਸ਼ਿਕਾਇਤ ਕੀਤੀ ਤਾਂ ਪੁਲਿਸ ਕਰਮਚਾਰੀ ਮੇਰੇ ਕੋਲੋਂ ਆਏ ਤੇ ਸਾਦਾ ਜਾਣਕਾਰੀ ਲੈ ਕੇ ਗਏ ਹਨ, ਕੀ ਕਾਰਵਾਈ ਕੀਤੀ ਹੈ ਪਤਾ ਨਹੀਂ | ਇਸ ਬਾਬਤ ਲੋਹੀਆਂ ਦੇ ਥਾਣਾ ਮੁਖੀ ਇੰਸਪੈਕਟਰ ਕ੍ਰਿਸ਼ਨ ਗੋਪਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੱਲ੍ਹ ਦੋਹਾਂ ਧਿਰਾਂ ਨੂੰ ਬੁਲਾ ਕੇ ਪੁੱਛ ਪੜਤਾਲ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ |