ਜਲੰਧਰ, 22 ਅਪ੍ਰੈਲ (ਜਤਿੰਦਰ ਪੰਮੀ)- ਮਸ਼ਹੂਰ ਸੂਫੀ ਗਾਇਕਾ ਜੋੜੀ ਨੂਰਾਂ ਸਿਸਟਰਜ਼ ਦੇ ਪਿਤਾ ਗੁਲਸ਼ਨ ਮੀਰ ਦੀ ਸਿਹਤ ਵਿਗੜਨ ਤੋਂ ਬਾਅਦ ਉਸ ਦੀ ਮਾਂ ਵਲੋਂ ਲੋਕਾਂ ਤੋਂ ਮਦਦ ਲਈ ਸੋਸ਼ਲ ਮੀਡੀਆ 'ਤੇ ਪਾਏ ਗਏ ਸਕੈਨਰ ਕਾਰਨ ਪਰਿਵਾਰ 'ਚ ਝਗੜਾ ਕਾਫੀ ਵਧ ਗਿਆ ਹੈ | ਇਹ ਪਰਿਵਾਰਕ ਮਾਮਲਾ ਬੁੱਧਵਾਰ ਨੂੰ ਥਾਣੇ ਪੁੱਜ ਗਿਆ, ਜਿਸ 'ਚ ਨੂਰਾਂ ਸਿਸਟਰਜ਼ ਦੀ ਮਾਂ ਨੇ ਥਾਣਾ ਡਵੀਜ਼ਨ ਨੰਬਰ 5 'ਚ ਆਪਣੀ ਧੀ ਜੋਤੀ ਨੂਰਾਂ ਤੇ ਉਸ ਦੇ ਪਤੀ ਉਸਮਾਨ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ | ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਨੂਰਾਂ ਸਿਸਟਰਜ਼ ਦੀ ਮਾਂ ਨੇ ਦੋਸ਼ ਲਾਇਆ ਹੈ ਕਿ ਉਸ ਦੇ ਜਵਾਈ ਉਸਮਾਨ ਨੇ ਉਨ੍ਹਾਂ ਵਲੋਂ ਮਦਦ ਲਈ ਪਾਏ ਗਏ ਸਕੈਨਰ ਕਾਰਨ ਉਸ ਦੇ ਪੁੱਤਰ ਸਾਹਿਲ ਮੀਰ ਨੂੰ ਇਹ ਕਹਿੰਦਿਆਂ ਗਾਲੀ-ਗਲੋਚ ਕੀਤਾ ਤੇ ਧਮਕੀਆਂ ਦਿੱਤੀਆਂ ਕਿ ਉਨ੍ਹਾਂ ਨੇ ਅਜਿਹਾ ਕਰਕੇ ਜੋਤੀ ਨੂਰਾਂ ਤੇ ਉਸਮਾਨ ਦੀ ਬੇਇੱਜ਼ਤੀ ਕਰਵਾ ਦਿੱਤੀ ਹੈ | ਨੂਰਾਂ ਸਿਸਟਰਜ਼ ਦੀ ਛੋਟੀ ਭੈਣ ਰਿਤੂ ਨੂਰਾਂ ਜੋ ਕਿ ਆਪਣੀ ਮਾਂ ਨਾਲ ਥਾਣੇ 'ਚ ਆਈ ਹੋਈ ਸੀ, ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਗੁਲਸਨ ਮੀਰ ਦੀਆਂ ਦੋਵੇਂ ਕਿਡਨੀਆਂ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ | ਲਗਭਗ 3 ਮਹੀਨੇ ਪਹਿਲਾਂ ਉਨ੍ਹਾਂ ਦਾ ਇਲਾਜ ਸ਼ੁਰੂ ਕਰਵਾਇਆ ਗਿਆ ਸੀ ਪਰ ਜੋਤੀ ਨੂਰਾਂ ਤੇ ਸੁਲਤਾਨਾ ਨੂਰਾਂ ਵਲੋਂ ਆਪਣੇ ਪਿਤਾ ਦੇ ਇਲਾਜ ਲਈ ਕੋਈ ਮਦਦ ਨਾ ਕੀਤੇ ਜਾਣ ਕਾਰਨ ਮਜਬੂਰਨ ਕੁਝ ਦਿਨ ਪਹਿਲਾਂ ਇਲਾਜ ਲਈ ਮਦਦ ਇਕੱਠੀ ਕਰਨ ਵਾਸਤੇ ਪਰਿਵਾਰਕ ਮੈਂਬਰਾਂ ਵੱਲੋਂ ਇੱਕ ਸਕੈਨਰ (ਕੋਡ) ਜਾਰੀ ਕੀਤਾ ਗਿਆ | ਰਿਤੂ ਨੂਰਾਂ ਨੇ ਅੱਗੇ ਦੱਸਿਆ ਕਿ ਇਸ ਗੱਲ ਨੂੰ ਲੈ ਕੇ ਜੋਤੀ ਨੂਰਾਂ ਤੇ ਉਸ ਦਾ ਪਤੀ ਪਿਛਲੇ ਕਈ ਦਿਨਾਂ ਤੋਂ ਨਾਰਾਜ਼ ਹਨ | ਇਸ ਨਾਰਾਜ਼ਗੀ ਕਾਰਨ ਜੋਤੀ ਦੇ ਪਤੀ ਉਸਮਾਨ ਨੇ ਉਨ੍ਹਾਂ ਦੇ ਭਰਾ ਸਾਹਿਲ ਮੀਰ ਦੀ ਕਿਸੇ ਲੜਕੀ ਨਾਲ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਅਤੇ ਗਾਲ੍ਹੀ-ਗਲੋਚ ਕਰਨ ਦੇ ਨਾਲ ਹੀ ਧਮਕੀਆਂ ਵੀ ਦਿੱਤੀਆਂ | ਇਸ ਕਾਰਨ ਸਾਹਿਲ ਮੀਰ ਨੇ ਮਾਨਸਿਕ ਪਰੇਸ਼ਾਨੀ ਕਾਰਨ ਜਾਨ ਦੇਣ ਲਈ ਗੱਲ ਕਹਿ ਦਿੱਤੀ | ਰਿਤੂ ਨੂਰਾਂ ਨੇ ਅੱਗੇ ਦੱਸਿਆ ਕਿ ਉਸ ਦੀ ਮਾਂ ਨੇ ਇਸ ਗਲਤ ਵਤੀਰੇ ਕਾਰਨ ਆਪਣੀ ਧੀ ਜੋਤੀ ਤੇ ਜਵਾਈ ਉਸਮਾਨ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ | ਰਿਤੂ ਨੂਰਾਂ ਦੀ ਮਾਂ ਦਾ ਕਹਿਣਾ ਹੈ ਕਿ ਉਸਦਾ ਪੁੱਤਰ ਡਿਪ੍ਰੈਸਨ ਵਿੱਚ ਹੈ ਅਤੇ ਜੇ ਉਸਦੇ ਨਾਲ ਕੁਝ ਵੀ ਹੋਇਆ ਤਾਂ ਇਸ ਲਈ ਉਸ ਦੀ ਧੀ ਜੋਤੀ ਅਤੇ ਉਸਦਾ ਪਤੀ ਉਸਮਾਨ ਜ਼ਿੰਮੇਵਾਰ ਹੋਣਗੇ | ਰਿਤੂ ਤੇ ਉਸ ਦੀ ਮਾਂ ਨੇ ਦੱਸਿਆ ਕਿ ਸੁਲਤਾਨਾ ਨੂਰਾਂ ਆਪਣੇ ਪਿਤਾ ਦੇ ਇਲਾਜ ਲਈ ਮਦਦ ਭੇਜ ਰਹੀ ਹੈ ਪਰ ਜੋਤੀ ਨੂਰਾਂ ਨਾ ਤਾਂ ਇੱਕ ਵਾਰੀ ਵੀ ਪਿਤਾ ਨੂੰ ਮਿਲਣ ਆਈ ਹੈ ਅਤੇ ਨਾ ਹੀ ਇਲਾਜ ਲਈ ਕੋਈ ਮਦਦ ਕੀਤੀ ਹੈ | ਉਹ ਪਿਛਲੇ 4-5 ਮਹੀਨਿਆਂ ਤੋਂ ਉਹ ਪਰਿਵਾਰ ਨਾਲ ਸੰਪਰਕ ਵਿੱਚ ਨਹੀਂ ਹੈ | ਦੱਸਣਯੋਗ ਹੈ ਕਿ ਗੁਲਸਨ ਮੀਰ ਕਿਡਨੀ ਹਸਪਤਾਲ ਵਿੱਚ ਦਾਖਲ ਹਨ ਅਤੇ ਉਨ੍ਹਾਂ ਦੀ ਕਿਡਨੀ ਟਰਾਂਸਪਲਾਂਟ ਹੋਣੀ ਹੈ | ਰਿਤੂ ਨੂਰਾਂ ਨੇ ਕਿਹਾ ਕਿ ਕਈ ਸਾਲਾਂ ਤੋਂ ਉਸ ਦੀਆਂ ਭੈਣਾਂ ਕਮਾਈ ਕਰ ਰਹੀਆਂ ਹਨ ਅਤੇ ਉਨ੍ਹਾਂ ਦੀ ਪਛਾਣ ਵੀ ਪਿਤਾ ਗੁਲਸਨ ਮੀਰ ਕਰਕੇ ਹੀ ਹੈ | ਉਸ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਇਸ ਮਾਮਲੇ 'ਤੇ ਚੁੱਪ ਸੀ ਪਰ ਹੁਣ ਭਰਾ ਨੂੰ ਫੋਨ ਕਰਕੇ ਕਿਹਾ ਜਾ ਰਿਹਾ ਹੈ ਕਿ ਇਹ ਸਭ ਰਿਤੂ ਕਰਵਾ ਰਹੀ ਹੈ | ਰਿਤੂ ਨੂਰਾਂ ਨੇ ਕਿਹਾ ਕਿ ਉਨ੍ਹਾਂ ਕੋਲ ਜਿੰਨੇ ਵੀ ਪੈਸੇ ਸਨ, ਉਹ ਇਲਾਜ 'ਤੇ ਖਰਚ ਦਿੱਤੇ ਹਨ | ਇਸ ਸੰਬੰਧੀ ਸੰਪਰਕ ਕਰਨ 'ਤੇ ਥਾਣਾ ਡਵੀਜ਼ਨ ਨੰਬਰ 5 ਦੇ ਮੁਖੀ ਯਾਦਵਿੰਦਰ ਸਿੰਘ ਨੇ ਨੂਰਾਂ ਸਿਸਟਰਜ਼ ਦੀ ਮਾਂ ਤੇ ਗੁਲਸ਼ਨ ਮੀਰ ਦੀ ਪਤਨੀ ਨੇ ਆਪਣੀ ਧੀ ਜੋਤੀ ਨੂਰਾਂ ਤੇ ਉਸ ਦੇ ਪਤੀ ਉਸਮਾਨ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ | ਉਨ੍ਹਾਂ ਕਿਹਾ ਕਿ ਸ਼ਿਕਾਇਤ ਮਿਲਣ ਉਪਰੰਤ ਉਸਮਾਨ ਨਾਲ ਫੋਨ 'ਤੇ ਗੱਲਬਾਤ ਹੋਈ ਹੈ ਅਤੇ ਉਸ ਨੇ ਕਿਹਾ ਕਿ ਉਹ ਦਿੱਲੀ ਵਿੱਚ ਹੈ ਤੇ ਪਰਸੋਂ ਜਾਂਚ 'ਚ ਸ਼ਾਮਿਲ ਹੋਵੇਗਾ |