ਜਲੰਧਰ, 25 ਅਪ੍ਰੈਲ (ਜਤਿੰਦਰ ਪੰਮੀ)-ਸ਼ਹਿਰ ਦੇ ਸ਼ੇਖਾਂ ਬਾਜ਼ਾਰ 'ਚ ਪੈਂਦੀ ਤੇਲ ਵਾਲੀ ਗਲੀ ਦੇ ਇਕ ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ ਹੋ ਗਈ | ਮਿ੍ਤਕ ਦੀ ਪਛਾਣ ਸੰਜੇ ਵਜੋਂ ਹੋਈ ਹੈ, ਜੋ ਕਿ ਕਥਿਤ ਤੌਰ 'ਤੇ ਨਸ਼ੇ ਦਾ ਆਦੀ ਦੱਸਿਆ ਜਾ ਰਿਹਾ ਹੈ | ਮਿ੍ਤਕ ਦੇ ਪਰਿਵਾਰ ਵਲੋਂ ਨਸ਼ਾ ਤਸਕਰਾਂ ਖ਼ਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ | ਜਾਣਕਾਰੀ ਮੁਤਾਬਕ ਮਿ੍ਤਕ ਦੀ ਮਾਤਾ ਕੰਚਨ ਦਾ ਕਹਿਣਾ ਹੈ ਕਿ ਉਸ ਦਾ ਪੁੱਤਰ ਸੰਜੇ ਸ਼ੁੱਕਰਵਾਰ ਨੂੰ ਘਰੋਂ ਆਟਾ ਲਿਆਉਣ ਦੇ ਬਹਾਨੇ ਨਿਕਲਿਆ ਸੀ ਅਤੇ ਸਮੇਂ ਸੰਜੇ ਕੋਲ 400 ਰੁਪਏ ਸਨ | ਪਰਿਵਾਰ ਦਾ ਦੋਸ਼ ਹੈ ਕਿ ਸੰਜੇ ਨੇ ਉਨ੍ਹਾਂ ਪੈਸਿਆਂ ਨਾਲ ਨਸ਼ਾ ਖਰੀਦਿਆ ਤੇ ਟੀਕਾ ਲਾ ਕੇ ਘਰ ਆ ਗਿਆ | ਉਸ ਦੀ ਹਾਲਤ ਠੀਕ ਨਹੀਂ ਸੀ ਤੇ ਉਹ ਲੜਖੜਾ ਰਿਹਾ ਸੀ | ਪਰਿਵਾਰ ਮੁਤਾਬਿਕ ਦੇਰ ਰਾਤ ਅਚਾਨਕ ਸੰਜੇ ਦੀ ਸਿਹਤ ਜ਼ਿਆਦਾ ਖਰਾਬ ਹੋ ਗਈ | ਪਰਿਵਾਰ ਨੇ ਤੁਰੰਤ ਡਾਕਟਰ ਨੂੰ ਘਰ ਬੁਲਾਇਆ ਤਾਂ ਜਾਂਚ ਤੋਂ ਬਾਅਦ ਡਾਕਟਰ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ | ਮਿ੍ਤਕ ਦੀ ਮਾਂ ਨੇ ਦੱਸਿਆ ਕਿ ਸੰਜੇ ਪਹਿਲਾਂ ਵੀ ਨਸ਼ੇ ਦੀ ਲਤ ਕਾਰਨ ਅਕਸਰ ਰਿਸ਼ਤੇਦਾਰਾਂ ਦੇ ਘਰ ਚਲਾ ਜਾਂਦਾ ਸੀ, ਜਿਥੋਂ ਉਹ ਰਾਤ ਨੂੰ ਦੇਰੀ ਨਾਲ ਪਰਤਦਾ ਸੀ | ਸੰਜੇ ਦੀ ਮੌਤ ਕਾਰਨ ਪਰਿਵਾਰ ਵਿਚ ਮਾਤਮ ਛਾ ਗਿਆ ਹੈ | ਉਸ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ | ਇਸੇ ਦੌਰਾਨ ਪਰਿਵਾਰਕ ਮੈਂਬਰ ਗੁਰਮੀਤ ਸਿੰਘ ਨੇ ਪੰਜਾਬ ਸਰਕਾਰ ਕੋਲ ਮੰਗ ਕੀਤੀ ਹੈ ਕਿ ਨਸ਼ੇ ਦੀ ਲਤ 'ਚ ਫਸੇ ਲੋਕਾਂ ਲਈ ਮੁਫਤ ਇਲਾਜ ਦੀ ਵਿਵਸਥਾ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਹਰੇਕ ਗਲੀ 'ਚ ਨਸ਼ਾ ਸੌਖਿਆਂ ਹੀ ਮਿਲ ਹੈ, ਜਿਸ ਕਾਰਨ ਨੌਜਵਾਨ ਇਸ ਦਾ ਸ਼ਿਕਾਰ ਬਣ ਰਹੇ ਹਨ | ਗੁਰਮੀਤ ਸਿੰਘ ਨੇ ਚਿਤਾਵਨੀ ਦਿੱਤੀ ਹੈ ਕਿ ਜਦ ਤੱਕ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਨਹੀਂ ਹੁੰਦੀ, ਤਦ ਤੱਕ ਪਰਿਵਾਰ ਸੰਜੇ ਦਾ ਅੰਤਿਮ ਸੰਸਕਾਰ ਨਹੀਂ ਕਰੇਗਾ |