ਜਲੰਧਰ, 4 ਮਈ (ਡਾ.ਜਤਿੰਦਰ ਸਾਬੀ)-ਪੰਜਾਬ ਸਰਕਾਰ ਦੁਆਰਾ ਪੈਨਸ਼ਨ ਪੋਰਟਲ ਲਾਗੂ ਹੋਣ ਕਰਕੇ ਤੇ ਡਿਜੀਟਲ ਲਾਈਵ ਸਾਰਟੀਫਿਕੇਟ ਅੱਪਡੇਟ ਨਾ ਹੋਣ ਦਾ ਬਹਾਨਾ ਲਾ ਕੇ ਪੰਜਾਬ ਦੇ ਲੱਖਾਂ ਪੈਨਸ਼ਨਰਾਂ ਦੀ ਅਪ੍ਰੈਲ ਮਹੀਨੇ ਦੀ ਪੈਨਸ਼ਨ ਅੱਜ ਤੱਕ ਨਾ ਪੈਣ ਕਰਕੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਤੇ ਗੁੱਸਾ ਹੈ | ਜੁਆਇੰਟ ਫਰੰਟ ਦੇ ਕਨਵੀਨਰਾਂ ਕਰਮ ਸਿੰਘ ਧਨੋਆ, ਡਾ: ਐਨ.ਕੇ. ਕਲਸੀ, ਅਵਿਨਾਸ਼ ਸ਼ਰਮਾ, ਭਜਨ ਸਿੰਘ ਗਿੱਲ ਅਤੇ ਸੁਖਵਿੰਦਰ ਸਿੰਘ ਸੈਣੀ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਦੱਸਿਆ ਕਿ ਪੰਜਾਬ ਸਰਕਾਰ ਨੇ ਪੈਨਸ਼ਨਰਾਂ ਨੂੰ ਵਡੇਰੀ ਉਮਰ ਹੋਣ ਕਰਕੇ ਵੀ ਮੁਆਫ਼ ਨਹੀਂ ਕੀਤਾ ਅਤੇ ਜਾਣ ਬੁੱਝ ਕੇ ਪੈਨਸ਼ਨ ਪੋਰਟਲ ਦੀਆਂ ਗੁੰਝਲਦਾਰ ਤਕਨੀਕੀ ਗੱਲਾਂ ਵਿੱਚ ਉਲਝਾ ਕੇ ਪੈਨਸ਼ਨਰਾਂ ਨੂੰ ਜਾਣ ਬੁੱਝ ਕੇ ਖੱਜਲ ਖੁਆਰ ਅਤੇ ਮਾਨਸਿਕ ਪਰੇਸ਼ਾਨ ਕੀਤਾ ਜਾ ਰਿਹਾ ਹੈ¢ ਪੈਨਸ਼ਨਰ ਜੁਆਇੰਟ ਫਰੰਟ ਦੇ ਮੈਂਬਰਾਂ ਕੁਲਵਰਨ ਸਿੰਘ , ਸੁਖਦੇਵ ਸਿੰਘ ਪੰਨੂੰ , ਬੀ. ਐਸ ਸੈਣੀ , ਖਜਾਨ ਚੰਦ , ਧਨਵੰਤ ਸਿੰਘ ਭੱਠਲ , ਦੇਵ ਰਾਜ , ਸੁਰਿੰਦਰ ਰਾਮ ਕੁੱਸਾ ਹਰਜੀਤ ਸਿੰਘ ਤਰਖਾਣ ਮਾਜਰਾ , ਪ੍ਰੇਮ ਚੰਦ ਸ਼ਰਮਾ ਪੰਜੋਲਾ ਅਤੇ ਨਾਹਰ ਸਿੰਘ ਨੇ ਪੰਜਾਬ ਸਰਕਾਰ ਦੇ ਪੈਨਸ਼ਨਰ ਵਿਰੋਧੀ ਰਵਈਏ ਦੇ ਖ਼ਿਲਾਫ਼ 8 ਮਈ ਦਿਨ ਸ਼ੁਕਰਵਾਰ ਨੂੰ 11 ਵਜੇ ਵਿਤ ਤੇ ਯੋਜਨਾ ਭਵਨ ਸੈਕਟਰ 33 ਏ ਚੰਡੀਗੜ੍ਹ ਵਿਖੇ ਡਾਇਰੈਕਟਰ ਪੈਨਸ਼ਨ ਵੰਡ ਖਜਾਨਾ ਅਤੇ ਲੇਖਾ ਨੂੰ ਮਾਸ ਡੈਪੂਟੇਸ਼ਨ ਰਾਹੀਂ ਪੈਨਸ਼ਨਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਵਾਂਉਣ ਲਈ ਮਿਲੇਗਾ ਜਿਸ ਵਿੱਚ ਫਰੰਟ ਵਿੱਚ ਸ਼ਾਮਲ ਹਰੇਕ ਜਥੇਬੰਦੀ ਦੇ ਘੱਟੋ ਘੱਟ 15 ਸਾਥੀ ਜਰੂਰ ਸ਼ਾਮਲ ਹੋਣਗੇ ਜੋ ਮੰਗ ਪੱਤਰ ਪੇਸ਼ ਕਰਕੇ ਪੈਨਸ਼ਨ ਪੋਰਟਲ ਰਾਹੀਂ ਖੱਜਲ ਖੁਆਰੀ ਬੰਦ ਕਰਨ ਅਤੇ ਪੈਨਸ਼ਨਾਂ ਹਰ ਮਹੀਨੇ ਦੀ ਆਖਰੀ ਮਿਤੀ ਤੋਂ ਪਹਿਲਾਂ ਪਾਉਣ ਦੀ ਮੰਗ ਕਰਨਗੇ¢