ਜਲੰਧਰ, 5 ਮਈ (ਸ਼ਿਵ)-ਲੋਕਾਂ ਨੂੰ ਡਰਾਈਵਿੰਗ ਲਾਇਸੰਸ ਸਮੇਤ ਹੋਰ ਕੰਮ ਕਰਵਾਉਣ ਲਈ ਡਰਾਈਵਿੰਗ ਟਰੈਕ 'ਤੇ ਕੰਮ ਕਰਨ ਲਈ ਅਕਸਰ ਪੇ੍ਰਸ਼ਾਨ ਹੋਣਾ ਪੈ ਰਿਹਾ ਹੈ | ਇਕ ਤਾਂ ਪੇਸ਼ਗੀ ਸਮਾਂ ਲੈ ਕੇ ਅਤੇ ਕਾਫੀ ਜਿਆਦਾ ਫੀਸਾਂ ਜਮਾਂ ਕਰਵਾ ਕੇ ਲੋਕ ਆਪਣੇ ਦਸਤਾਵੇਜ ਜਮਾਂ ਕਰਵਾਉਂਦੇ ਹਨ ਪਰ ਇਸ ਦੇ ਬਾਵਜੂਦ ਦਫਤਰ ਵਿਚ ਕਈ ਕਰਮਚਾਰੀਆਂ ਵਲੋਂ ਦਸਤਾਵੇਜਾਂ ਨੂੰ ਸਹੀ ਚੈਕ ਨਾ ਕਰਨ ਕਰਕੇ ਇਸ ਦਾ ਖਮਿਆਜਾ ਲੋਕਾਂ ਨੂੰ ਭੁਗਤਣਾ ਪੈਂਦਾ ਹੈ | ਇਕ ਜਲੰਧਰ ਨਿਵਾਸੀ ਨੌਜਵਾਨ ਨੇ ਜਦੋਂ ਡਰਾਈਵਿੰਗ ਲਾਇਸੰਸ ਬਣਵਾਉਣ ਲਈ ਆਪਣੇ ਦਸਤਾਵੇਜ ਤਾਂ ਜਮਾਂ ਕਰਵਾ ਦਿੱਤੇ ਪਰ ਜਦੋਂ ਸਾਰੀ ਪ੍ਰਕਿਰਿਆ ਪੂਰੀ ਕਰ ਦਿੱਤੀ ਗਈ ਤੇ ਡਰਾਈਵਿੰਗ ਲਾਇਸੰਸ ਬਣ ਕੇ ਆਇਆ ਤਾਂ ਉਕਤ ਲਾਇਸੰਸ ਦੇ ਉਪਰ ਪਤਾ ਨਹੀਂ ਲਿਖਿਆ ਸੀ ਸਗੋਂ ਇਕੱਲਾ ਜਲੰਧਰ ਦੀ ਲਿਖਿਆ ਗਿਆ ਸੀ | ਉਕਤ ਨੌਜਵਾਨ ਨੂੰ ਕਰਮਚਾਰੀਆਂ ਦੀ ਗਲਤੀ ਕਰਕੇ ਦੁਬਾਰਾ ਪੇਸ਼ਗੀ ਸਮਾਂ ਅਤੇ ਫੀਸ ਜਮਾਂ ਕਰਵਾ ਕੇ ਹੁਣ ਦੁਬਾਰਾ ਲਾਇਸੰਸ ਬਣਵਾਉਣਾ ਪਿਆ ਹੈ | ਟਰੈਕ 'ਤੇ ਕਰਮਚਾਰੀਆਂ ਦੀ ਗਲਤੀ ਦਾ ਖਮਿਆਜਾ ਲੋਕਾਂ ਨੂੰ ਭੁਗਤਣਾ ਪੈਂਦਾ ਹੈ | ਲੋਕਾਂ ਨੇ ਇਸ ਮਾਮਲੇ ਵਿਚ ਆਰ. ਟੀ. ਏ. ਤੋਂ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ |