ਜਲੰਧਰ, 5 ਮਈ (ਜਤਿੰਦਰ ਪੰਮੀ)-ਇਕ ਵਿਅਕਤੀ ਵਲੋਂ ਬੈਂਕ ਦੇ ਲਾਕਰ 'ਚ ਰੱਖੇ ਗਏ ਗਹਿਣੇ ਗਾਇਬ ਹੋਣ 'ਤੇ ਉਸ ਨੂੰ ਹੰਗਾਮਾ ਕਰ ਦਿੱਤਾ | ਕੰਟਰੋਲ ਰੂਮ ਰਾਹੀਂ ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਡਵੀਜ਼ਨ ਨੰਬਰ-3 ਦੀ ਪੁਲਿਸ ਮੌਕੇ 'ਤੇ ਪੁੱਜੀ ਅਤੇ ਗਾਹਕ ਦੇ ਬਿਆਨ ਲੈ ਕੇ ਸ਼ਿਕਾਇਤ ਦਰਜ ਕਰ ਲਈ | ਪੁਲਿਸ ਨੇ ਬੈਂਕ ਪ੍ਰਬੰਧਕਾਂ ਕੋਲੋਂ ਵੀ ਮਾਮਲੇ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ | ਗਹਿਣਿਆਂ ਦੇ ਮਾਲਕ ਜਤਿੰਦਰ ਚੱਢਾ ਵਾਸੀ ਸਤ ਨਗਰ ਨੇ ਇਸ ਸੰਬੰਧੀ ਥਾਣਾ ਡਵੀਜ਼ਨ ਨੰਬਰ-3 ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ | ਪੁਲਿਸ ਨੇ ਬਿਆਨ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਤਿੰਦਰ ਚੱਢਾ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਨੈਸ਼ਨਲ ਬੈਂਕ ਦੀ ਮਾਈ ਹੀਰਾਂ ਗੇਟ ਸਥਿਤ ਬ੍ਰਾਂਚ 'ਚ 7 ਤੋਲੇ ਸੋਨੇ ਦੀ ਗਹਿਣੇ ਲਾਕਰ 'ਚ ਰੱਖੇ ਹੋਏ ਸਨ, ਜਿਨ੍ਹਾਂ 'ਚ ਉਨ੍ਹਾਂ ਦੀ ਪਤਨੀ ਨੂੰ ਵਿਆਹ ਵੇਲੇ ਪੇਕਿਆਂ ਵਲੋਂ ਪਾਇਆ ਗਿਆ ਹਾਰ, ਝੁਮਕੇ ਤੇ ਟਿੱਕਾ ਸ਼ਾਮਿਲ ਸੀ | ਉਨ੍ਹਾਂ ਦੱਸਿਆ ਕਿ ਬੀਤੀ 13 ਅਪ੍ਰੈਲ ਨੂੰ ਉਹ ਦੋਵੇਂ ਪਤੀ-ਪਤਨੀ ਬੈਂਕ ਆਏ ਸਨ ਤੇ ਲਾਕਰ ਚੈੱਕ ਕੀਤਾ ਸੀ ਤਾਂ ਗਹਿਣੇ ਵਿਚ ਪਏ ਹੋਏ ਸਨ ਪਰ ਅੱਜ ਸਵੇਰੇ 11.30 ਵਜੇ ਦੇ ਕਰੀਬ ਜਦੋਂ ਉਹ ਬੈਂਕ ਵਿਚ ਆਏ ਤੇ ਲਾਕਰ ਦੇਖਿਆ ਤਾਂ ਗਹਿਣੇ ਗਾਇਬ ਸਨ | ਜਤਿੰਦਰ ਚੱਢਾ ਨੇ ਕਿਹਾ ਕਿ ਇਸ ਬਾਰੇ ਜਦੋਂ ਉਨ੍ਹਾਂ ਨੇ ਬੈਂਕ ਦੇ ਮੈਨੇਜਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਲਾਕਰ ਵਿਚ ਰੱਖੇ ਗਏ ਸਾਮਾਨ ਦੀ ਜ਼ਿੰਮੇਵਾਰੀ ਬੈਂਕ ਦੀ ਨਹੀਂ ਬਲਕਿ ਗਾਹਕ ਦੀ ਹੁੰਦੀ ਹੈ | ਜੇਕਰ ਗਹਿਣੇ ਗਾਇਬ ਹਨ ਤਾਂ ਉਹ ਸ਼ਿਕਾਇਤ ਦੇ ਦੇਣ, ਇਸ ਬਾਰੇ ਪੁਲਿਸ ਕੋਲੋਂ ਜਾਂਚ ਕਰਵਾਈ ਜਾਵੇਗੀ | ਇਸ ਉਪਰੰਤ ਜਤਿੰਦਰ ਚੱਢਾ ਨੇ ਥਾਣਾ ਡਵੀਜ਼ਨ ਨੰਬਰ-3 ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਅਤੇ ਮੰਗ ਕੀਤੀ ਕਿ ਉਸ ਦੇ ਗਾਇਬ ਹੋਏ ਗਹਿਣੇ ਬਰਾਮਦ ਕਰਵਾ ਕੇ ਦਿੱਤੇ ਜਾਣ | ਓਧਰ ਬੈਂਕ ਮੈਨੇਜਰ ਅੰਜਨਾ ਆਨੰਦ ਦਾ ਕਹਿਣਾ ਹੈ ਕਿ ਲਾਕਰ ਦੀ ਇਕ ਚਾਬੀ ਮਾਲਕ ਤੇ ਇਕ ਚਾਬੀ ਬੈਂਕ ਦੇ ਸੰਬੰਧਤ ਅਧਿਕਾਰੀ ਕੋਲ ਹੁੰਦੀ ਹੈ | ਲਾਕਰ ਵਿਚ ਗਾਹਕ ਨੇ ਕੀ ਕੁਝ ਰੱਖਿਆ ਹੈ, ਇਸ ਬਾਰੇ ਬੈਂਕ ਦਾ ਕੋਈ ਲੈਣਾ-ਦੇਣਾ ਨਹੀਂ ਹੁੰਦਾ ਤੇ ਨਾਲ ਹੀ ਬੈਂਕ ਦੀ ਕੋਈ ਜ਼ਿੰਮੇਵਾਰੀ ਹੁੰਦੀ ਹੈ | ਉਨ੍ਹਾਂ ਕਿਹਾ ਕਿ ਜਤਿੰਦਰ ਚੱਢਾ ਕੋਲੋਂ ਸ਼ਿਕਾਇਤ ਲੈ ਕੇ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰੇਗੀ | ਓਧਰ ਜਾਂਚ ਅਧਿਕਾਰੀ ਏ.ਐੱਸ.ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟੋਰਲ ਰੂਮ ਰਾਹੀਂ ਘਟਨਾ ਬਾਰੇ ਜਾਣਕਾਰੀ ਮਿਲੀ ਸੀ, ਜਿਸ 'ਤੇ ਉਹ ਬੈਂਕ ਪਹੁੰਚੇ | ਉਨ੍ਹਾਂ ਨੇ ਗਾਹਕ ਜਤਿੰਦਰ ਚੱਢਾ ਦੇ ਬਿਆਨ ਦਰਜ ਕਰ ਲਏ ਹਨ ਅਤੇ ਬੈਂਕ ਮੈਨੇਜਰ ਕੋਲੋਂ ਵੀ ਪੁੱਛ-ਪੜਤਾਲ ਕੀਤੀ ਹੈ | ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਇਸ ਨੂੰ ਹੱਲ ਕਰ ਲਿਆ ਜਾਵੇਗਾ |