ਨੂਰਮਹਿਲ, 11 ਮਈ (ਤਜਿੰਦਰ ਕੁਮਾਰ)-ਨੂਰਮਹਿਲ ਚੀਮਾਂ ਚੌਂਕ ਵਿਖੇ ਹੋਏ ਭਿਆਨਕ ਹਾਦਸੇ ਦੌਰਾਨ ਇਕ ਨੌਜਵਾਨ ਲੜਕੇ ਦੀ ਮੌਤ ਦੇ ਮਾਮਲੇ 'ਚ ਮਿ੍ਤਕ ਦੇ ਪਿਤਾ ਪਾਲ ਚੰਦ ਪੁੱਤਰ ਜੋਗਿੰਦਰ ਸਿੰਘ ਪਿੰਡ ਚੀਮਾਂ ਖੁਰਦ ਥਾਣਾ ਨੂਰਮਹਿਲ ਨੇ ਦੱਸਿਆ ਕਿ ਮੇਰਾ ਲੜਕਾ ਮਿ੍ਤਕ ਗੁਰਪ੍ਰੀਤ ਉਰਫ਼ ਗ਼ੋਪਾ ਉਮਰ 25 ਸਾਲ ਨੂਰਮਹਿਲ ਸ਼ਹਿਰ ਵਿਖੇ ਇਕ ਕਰਿਆਨਾਂ ਸਟੋਰ ਦੀ ਦੁਕਾਨ 'ਤੇ ਕੰਮ ਕਰਦਾ ਸੀ | ਮੇਰਾ ਲੜਕਾ ਜਦੋਂ ਦੁਪਹਿਰ ਵੇਲੇ ਖਾਣਾ ਖਾਣ ਲਈ ਪਿੰਡ ਵੱਲ ਨੂੰ ਜਾ ਰਿਹਾ ਸੀ ਤਾਂ ਚੀਮਾਂ ਚੌਕ ਉਸ ਦਾ ਐਕਸੀਡੈਂਟ ਹੋ ਗਿਆ | ਜਦ ਇਸ ਹਾਦਸੇ ਵਾਰੇ ਸਾਨੂੰ ਪਤਾ ਲੱਗਾ ਤਾਂ ਅਸੀਂ ਘਟਨਾ ਸਥਾਨ 'ਤੇ ਆ ਕੇ ਦੇਖਿਆ ਤਾਂ ਮੇਰੇ ਲੜਕੇ ਗੁਰਪ੍ਰੀਤ ਦੀ ਐਕਸੀਡੈਂਟ ਨਾਲ ਮੌਤ ਹੋ ਚੁੱਕੀ ਸੀ ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਗੁਰਪ੍ਰੀਤ ਆਪਣੀ ਟੀਵੀਐੱਸ ਯੂਪੀਟਰ ਸਕੂਟਰੀ ਨੰਬਰ ਪੀ.ਬੀ 08 ਐਫ ਵੀ 8037 ਤੇ ਪਿੰਡ ਚੀਮਾਂ ਖੁਰਦ ਵੱਲ ਨੂੰ ਆ ਰਿਹਾ ਸੀ, ਤਾਂ ਨੂਰਮਹਿਲ ਸਾਈਡ ਤੋਂ ਆ ਰਹੀ ਤੇਜ਼ ਰਫ਼ਤਾਰ ਗੱਡੀ ਮਹਿੰਦਰਾ ਮੈਕਸ ਪੀ.ਬੀ 08 ਐਫ.ਜੀ 2589 ਦੇ ਡਰਾਈਵਰ ਨੇ ਅਣਗਹਿਲੀ ਨਾਲ ਟੱਕਰ ਮਾਰ ਦਿੱਤੀ ਟੱਕਰ ਕਾਰਨ ਮੇਰੇ ਲੜਕੇ ਦੀ ਮੌਕੇ 'ਤੇ ਹੀ ਮੌਤ ਹੋ ਗਈ | ਮੌਕੇ 'ਤੇ ਪਹੁੰਚੇ ਥਾਣਾ ਨੂਰਮਹਿਲ ਤੋਂ ਡਿਊਟੀ ਅਫ਼ਸਰ ਸੁਭਾਸ਼ ਚੰਦਰ ਨੇ ਕਿਹਾ ਕਿ ਸਾਨੂੰ ਐਕਸੀਡੈਂਟ ਹੋਣ ਦੀ ਇਤਲਾਹ ਮਿਲੀ ਸੀ ਮੌਕੇ 'ਤੇ ਆ ਕੇ ਦੇਖਿਆ ਦੋਨੋ ਵਾਹਨਾਂ ਦੀ ਜਬਰਦਸਤ ਟੱਕਰ ਨਾਲ ਇੱਕ ਨੌਜਵਾਨ ਲੜਕੇ ਦੀ ਮੌਤ ਹੋ ਚੁੱਕੀ ਸੀ ਤੇ ਵਾਹਨ ਵੀ ਪੂਰੀ ਤਰ੍ਹਾਂ ਨੁਕਸਾਨੇ ਗਏ ਸਨ ਦੋਨਾਂ ਵਾਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਡਰਾਈਵਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਜਿਸ ਨੇ ਆਪਣਾ ਨਾਮ ਹਰਦੇਵ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਝੋਟੀਆਂ ਜ਼ਿਲ੍ਹਾ ਤਰਨਤਾਰਨ ਦੱਸਿਆ ਹੈ ਡਰਾਈਵਰ ਖ਼ਿਲਾਫ਼ ਮਿ੍ਤਕ ਦੇ ਪਿਤਾ ਪਾਲ ਚੰਦ ਦੇ ਬਿਆਨਾਂ ਦੇ ਆਧਾਰ 'ਤੇ ਮੁਕੱਦਮਾ ਨੰਬਰ 67 ਥਾਣਾ ਨੂਰਮਹਿਲ ਦਰਜ ਕੀਤਾ ਗਿਆ ਹੈ ਅਤੇ ਮਿ੍ਤਕ ਗੁਰਪ੍ਰੀਤ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ |