ਜਲੰਧਰ, 13 ਮਈ (ਜਤਿੰਦਰ ਪੰਮੀ) : ਜ਼ਿਲ੍ਹੇ ਵਿੱਚ 5 ਨਗਰ ਕੌਂਸਲਾਂ ਅਤੇ 2 ਨਗਰ ਪੰਚਾਇਤਾਂ ਦੇ ਕੁੱਲ 99 ਵਾਰਡਾਂ ਦੀਆਂ ਚੋਣਾਂ ਲਈ ਨਾਮਜ਼ਦਗੀ ਪੇਪਰ ਭਰਨ ਦੇ ਪਹਿਲੇ ਦਿਨ ਬੁੱਧਵਾਰ ਨੂੰ ਕਿਸੇ ਵੀ ਉਮੀਦਵਾਰ ਵਲੋਂ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰਵਾਏ | ਦੱਸਣਯੋਗ ਹੈ ਕਿ ਰਾਜ ਚੋਣ ਕਮਿਸ਼ਨ ਪੰਜਾਬ ਵਲੋਂ ਨਗਰ ਨਿਗਮ/ਨਗਰ ਕੌਂਸਲ/ਨਗਰ ਪੰਚਾਇਤ ਦੀਆਂ ਆਮ ਚੋਣਾਂ-2026 ਸੰਬੰਧੀ ਜਾਰੀ ਸ਼ਡਿਊਲ ਅਨੁਸਾਰ 26 ਮਈ ਨੂੰ ਹੋਣ ਜਾ ਰਹੀਆਂ ਚੋਣਾਂ ਸਬੰਧੀ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ | ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫਸਰ ਦਿਵਿਆ ਪੀ. ਨੇ ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਮੀਦਵਾਰ 16 ਮਈ ਤੱਕ ਸਵੇਰੇ 11 ਵਜੇ ਤੋਂ ਦੁਪਹਿਰ ਬਾਅਦ 3 ਵਜੇ ਤੱਕ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੇ ਹਨ | ਉਨ੍ਹਾਂ ਅੱਗੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 18 ਮਈ ਨੂੰ ਹੋਵੇਗੀ ਅਤੇ 19 ਦੁਪਹਿਰ ਬਾਅਦ 3 ਵਜੇ ਤੱਕ ਉਮੀਦਵਾਰ ਕਾਗਜ਼ ਵਾਪਸ ਲੈ ਸਕਣਗੇ | ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਗਰ ਕੌਂਸਲ ਆਦਮਪੁਰ ਦੇ 13 ਵਾਰਡਾਂ, ਕਰਤਾਰਪੁਰ ਦੇ 15, ਨਕੋਦਰ ਦੇ 17, ਨੂਰਮਹਿਲ ਦੇ 13, ਨਗਰ ਕੌਂਸਲ ਫਿਲੌਰ ਦੇ 15 ਵਾਰਡਾਂ ਅਤੇ ਨਗਰ ਪੰਚਾਇਤ ਲੋਹੀਆਂ ਖਾਸ ਤੇ ਮਹਿਤਪੁਰ ਦੇ 13-13 ਵਾਰਡਾਂ ਲਈ ਵੋਟਾਂ 26 ਮਈ ਨੂੰ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ | ਵੋਟਾਂ ਦੀ ਗਿਣਤੀ 29 ਮਈ ਨੂੰ ਹੋਵੇਗੀ |