ਮਲਸੀਆਂ, 13 ਮਈ (ਦਲਜੀਤ ਸਿੰਘ ਸਚਦੇਵਾ)- ਮਦਰਜ਼ ਪ੍ਰਾਈਡ ਇੰਟਰਨੈਸ਼ਨਲ ਪਬਲਿਕ ਸਕੂਲ ਮਲਸੀਆਂ ਵਿਚ ਸੈਸ਼ਨ 2026-27 ਲਈ ਐੱਨ.ਸੀ.ਸੀ ਵਿਦਿਆਰਥੀਆਂ ਦੀ ਚੋਣ ਸਫ਼ਲਤਾ ਪੂਰਵਕ ਕੀਤੀ ਗਈ | ਇਹ ਚੋਣ ਸਕੂਲ ਚੇਅਰਪਰਸਨ ਕੁਮਾਰੀ ਅਰੁਣ ਜੱਸਲ ਤੇ ਪਿ੍ੰਸੀਪਲ ਰਜਨੀ ਬਾਲਾ ਦੀ ਅਗਵਾਈ ਹੇਠ ਹੋਈ, ਜਿਸ ਦੌਰਾਨ ਕਰੀਬ 100 'ਚੋਂ 27 ਉਤਸ਼ਾਹਿਤ ਵਿਦਿਆਰਥੀਆਂ ਦੀ ਚੋਣ ਕੀਤੀ ਗਈ | 21 ਪੰਜਾਬ ਬਟਾਲੀਅਨ ਕਪੂਰਥਲਾ ਜੋ ਕਿ ਜਲੰਧਰ ਗਰੁੱਪ ਅਧੀਨ ਆਉਂਦਾ ਹੈ, ਦੇ ਕਮਾਂਡਿੰਗ ਅਫ਼ਸਰ ਕਰਨਲ ਆਰ.ਕੇ ਚੌਹਾਨ ਵਲੋਂ ਆਪਣੀ ਟੀਮ ਦੇ ਹਵਲਦਾਰ ਪਿਆਰ ਲਾਲ ਤੇ ਹਵਲਦਾਰ ਸੁਨੀਲ ਕੁਮਾਰ ਨੂੰ ਚੋਣ ਪ੍ਰਕਿਰਿਆ ਲਈ ਭੇਜਿਆ ਗਿਆ | ਇਸ ਮੌਕੇ ਸਕੂਲ ਦੇ ਐੱਨ.ਸੀ.ਸੀ ਦੇ ਏ.ਐੱਨ.ਓ ਸੌਰਵ ਦਾਦਰੀਆ ਵੀ ਮੌਜੂਦ ਰਹੇ | ਉਨ੍ਹਾਂ ਨੇ ਪਹਿਲਾਂ ਬੱਚਿਆਂ ਦੇ ਕੱਦ ਤੇ ਸਰੀਰਕ ਯੋਗਤਾ ਦੀ ਜਾਂਚ ਕੀਤੀ ਤੇ ਫਿਰ ਮੈਡੀਕਲ ਟੈਸਟ ਕਰਵਾਏ | ਚੁਣੇ ਗਏ ਵਿਦਿਆਰਥੀਆਂ ਵਿਚ ਜ਼ਬਰਦਸਤ ਉਤਸ਼ਾਹ ਵੇਖਣ ਨੂੰ ਮਿਲਿਆ | ਸਕੂਲ ਪ੍ਰਬੰਧਕਾਂ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ |