ਜਲੰਧਰ, 15 ਮਈ (ਜਤਿੰਦਰ ਪੰਮੀ)-ਰਾਸ਼ਟਰੀ ਤਕਨਾਲੋਜੀ ਦਿਵਸ ਸਮਾਗਮ ਤਹਿਤ ਕੇਂਦਰੀ ਚਮੜਾ ਖੋਜ ਸੰਸਥਾ (ਸੀ.ਐੱਸ.ਆਈ.ਆਰ.) ਦੇ ਖੇਤਰੀ ਕੇਂਦਰ ਵਲੋਂ ਚਮੜਾ ਉਦਯੋਗਾਂ ਲਈ 'ਟਿਕਾਊ ਚਮੜਾ ਪ੍ਰੋਸੈਸਿੰਗ' ਵਿਸ਼ੇ 'ਤੇ ਵਰਕਸ਼ਾਪ ਕਰਵਾਈ ਗਈ | ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ. ਥਾਨਿਕਵੇਲਨ (ਡਾਇਰੈਕਟਰ ਸੀ.ਐੱਲ.ਆਰ.ਆਈ.), ਅਮਨਦੀਪ ਸਿੰਘ ਸੰਧੂ ਪ੍ਰਧਾਨ ਪੰਜਾਬ ਲੈਦਰ ਫੈਡਰੇਸ਼ਨ ਅਤੇ ਹੀਰਾ ਲਾਲ ਵਰਮਾ ਸੀ.ਈ.ਓ., ਪੰਜਾਬ ਐਫਲੂਐਂਟ ਟ੍ਰੀਟਮੈਂਟ ਸੁਸਾਇਟੀ ਫਾਰ ਟੈਨਰੀਜ਼ ਸ਼ਾਮਲ ਹੋਏ | ਇਸ ਦੌਰਾਨ ਸੀ.ਐੱਸ.ਆਈ.ਆਰ.-ਸੀ. ਐੱਲ. ਆਰ. ਆਈ. ਵਲੋਂ ਵਿਕਸਤ ਉਦਯੋਗ-ਸੰਬੰਧਤ ਤਕਨਾਲੋਜੀਆਂ ਦਾ ਪ੍ਰਦਰਸ਼ਨ ਕੀਤਾ ਗਿਆ | ਇਸ ਵਿੱਚ ਚਮੜਾ ਫੈਕਟਰੀਆਂ ਤੋਂ ਨਿਕਲਣ ਵਾਲੀ ਠੋਸ ਰਹਿੰਦ-ਖੂੰਹਦ ਦੀ ਪ੍ਰਭਾਵਸ਼ਾਲੀ ਵਰਤੋਂ ਵਾਲੀਆਂ ਤਕਨੀਕਾਂ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ | ਚਮੜਾ ਤੇ ਸੰਬੰਧਤ ਉਦਯੋਗਾਂ ਦੇ ਸੀਨੀਅਰ ਨੁਮਾਇੰਦਿਆਂ ਦੇ ਨਾਲ-ਨਾਲ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਇਸ ਵਰਕਸ਼ਾਪ ਵਿੱਚ ਹਿੱਸਾ ਲਿਆ | 'ਕਰੋਮ ਸੇਵਿੰਗ' ਤੋਂ ਵੱਖ-ਵੱਖ ਕਿਸਮਾਂ ਦੇ ਉੱਚ-ਮੁੱਲ ਵਾਲੇ 'ਪ੍ਰੋਟੀਨ ਸਿੰਟੈਨ' ਦੇ ਨਿਰਮਾਣ ਦੀ ਬੇਮਿਸਾਲ ਤਕਨੀਕ ਦਾ ਪ੍ਰਦਰਸ਼ਨ ਕੀਤਾ ਗਿਆ | ਇਸ ਤਕਨੀਕ ਨੇ ਚਮੜਾ ਉਤਪਾਦਕਾਂ ਤੇ ਵਿੱਦਿਅਕ ਮਾਹਿਰਾਂ ਦਾ ਧਿਆਨ ਵਿਸ਼ੇਸ਼ ਤੌਰ 'ਤੇ ਖਿੱਚਿਆ ਕਿਉਂਕਿ ਇਸ ਵਿੱਚ ਚਮੜਾ ਪ੍ਰੋਸੈਸਿੰਗ ਦੌਰਾਨ ਰਸਾਇਣਕ ਖਪਤ ਦੀ ਲਾਗਤ ਨੂੰ ਲਗਭਗ 40-50 ਫੀਸਦੀ ਤੱਕ ਘਟਾਉਣ ਦੀ ਸਮਰੱਥਾ ਹੈ | ਇਸ ਮੌਕੇ ਇੰਚਾਰਜ ਵਿਗਿਆਨੀ ਅਭਿਨੰਦਨ ਕੁਮਾਰ, ਸੀਨੀਅਰ ਵਿਗਿਆਨੀ ਡਾ. ਆਰ. ਅਰਵਿੰਦਨ, ਡਾ. ਪੀ. ਸੁਧਾਕਰ, ਡਾ. ਰੇਂਗਨਾਥ ਰਾਓ, ਭਰਤ ਕੁਮਾਰ ਅਤੇ ਸੀ.ਐੱਸ.ਆਈ.ਆਰ.-ਸੀ. ਐੱਲ. ਆਰ. ਆਈ. ਦੇ ਹੋਰ ਤਕਨੀਕੀ ਸਟਾਫ ਮੈਂਬਰ ਹਾਜ਼ਰ ਸਨ |