ਗੁਰਾਇਆ, 15 ਮਈ (ਚਰਨਜੀਤ ਸਿੰਘ ਦੁਸਾਂਝ)-ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਵੱਲੋਂ ਭਾਰਤ ਦੀ ਨੁਮਾਇੰਦਗੀ ਕਰ ਰਹੀ ਟੀਮ ਨੇ ਮੈਕਸੀਕੋ ਵਿੱਚ ਹੋਏ ਸਟਰੀਟ ਚਾਈਲਡ ਵਰਲਡ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਪੱਧਰ 'ਤੇ ਦੇਸ਼ ਦਾ ਮਾਣ ਵਧਾਇਆ | ਭਾਰਤੀ ਟੀਮ ਨੇ ਪੂਰੇ ਟੂਰਨਾਮੈਂਟ ਦੌਰਾਨ ਬੇਹਤਰੀਨ ਖੇਡ ਦਿਖਾਈ ਅਤੇ ਫਾਈਨਲ ਤੱਕ ਦਾ ਸਫਰ ਤੈਅ ਕਰਕੇ ਉਪਵਿਜੇਤਾ ਬਣੀ | ਭਾਰਤ ਨੇ ਆਪਣੇ ਪਹਿਲੇ ਮੁਕਾਬਲੇ ਵਿੱਚ ਮਿਸਰ ਨੂੰ 1-0 ਨਾਲ ਹਰਾਇਆ | ਇਸ ਤੋਂ ਬਾਅਦ ਬੋਰੂਸੀਆ ਨੂੰ 2-0 ਅਤੇ ਮਲੇਸ਼ੀਆ ਨੂੰ 7-0 ਨਾਲ ਹਰਾ ਕੇ ਟੀਮ ਨੇ ਆਪਣਾ ਦਬਦਬਾ ਬਣਾਇਆ ਰੱਖਿਆ | ਅਗਲੇ ਮੈਚਾਂ ਵਿੱਚ ਭਾਰਤ ਨੇ ਅਰਜਨਟੀਨਾ ਨੂੰ 2-0, ਇੰਡੋਨੇਸ਼ੀਆ ਨੂੰ 3-1 ਅਤੇ ਮੇਜ਼ਬਾਨ ਮੈਕਸੀਕੋ ਨੂੰ 6-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ | ਸੈਮੀਫਾਈਨਲ ਵਿੱਚ ਭਾਰਤ ਨੇ ਮੁੜ ਮਿਸਰ ਖ਼ਿਲਾਫ਼ 1-0 ਨਾਲ ਜਿੱਤ ਦਰਜ ਕੀਤੀ ਅਤੇ ਫਾਈਨਲ ਵਿੱਚ ਪ੍ਰਵੇਸ਼ ਕੀਤਾ | ਫਾਈਨਲ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਫੁੱਟਬਾਲ ਦਾ ਗੜ੍ਹ ਬ੍ਰਾਜ਼ੀਲ ਖ਼ਿਲਾਫ਼ ਸ਼ਾਨਦਾਰ ਜਜ਼ਬਾ ਦਿਖਾਇਆ, ਪਰ 2-4 ਦੇ ਅੰਤਰ ਨਾਲ ਮੈਚ ਹਾਰ ਗਈ ਅਤੇ ਟੂਰਨਾਮੈਂਟ ਵਿੱਚ ਰਨਰ-ਅੱਪ ਰਹੀ | ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਖਿਡਾਰੀਆਂ ਵਿੱਚ ਸਿਲਾਸ ਸਿੱਧੂ, ਅਰਸ਼ਦੀਪ, ਜਸ਼ਨਪ੍ਰੀਤ, ਰਾਜਨ ਜੱਖੂ, ਸਮੀਰ, ਰਮਿੰਦਰ ਸਿੰਘ, ਸੈਮ ਮਸੀਹ ਅਤੇ ਗੋਲਕੀਪਰ ਸ਼ਮਸ਼ੇਰ ਸਿੰਘ ਆਕਾਸ਼ ਸ਼ਾਮਿਲ ਸਨ | ਟੀਮ ਦੀ ਅਗਵਾਈ ਅਨਵਰ ਅਲੀ (ਹੈੱਡ ਕੋਚ), ਹਰਸ਼ ਜੈਸੁਖ ਛੋਟਾਲੀਆ (ਟੀਮ ਲੀਡਰ) ਅਤੇ ਨੂਪੁਰ ਨਾਗ (ਟੀਮ ਮੈਨੇਜਰ) ਵੱਲੋਂ ਕੀਤੀ ਗਈ | ਇਸ ਮੌਕੇ ਕਲੱਬ ਪ੍ਰਦਾਨ ਗੁਰਮੰਗਲ ਦਾਸ ਸੋਨੀ ਨੇ ਕਿਹਾ ਕਿ ਭਾਵੇਂ ਟੀਮ ਟਰਾਫੀ ਜਿੱਤਣ ਤੋਂ ਇੱਕ ਕਦਮ ਪਿੱਛੇ ਰਹਿ ਗਈ, ਪਰ ਖਿਡਾਰੀਆਂ ਨੇ ਆਪਣੀ ਮਿਹਨਤ, ਅਨੁਸ਼ਾਸਨ ਅਤੇ ਜਜ਼ਬੇ ਨਾਲ ਇਤਿਹਾਸ ਰਚ ਦਿੱਤਾ ਹੈ | ਉਨ੍ਹਾਂ ਕਿਹਾ ਕਿ ਫਾਈਨਲ ਤੱਕ ਪਹੁੰਚਣਾ ਅਤੇ ਦੁਨੀਆ ਦੇ ਮੰਚ 'ਤੇ ਭਾਰਤ ਦੀ ਨੁਮਾਇੰਦਗੀ ਕਰਨਾ ਆਪਣੇ ਆਪ ਵਿੱਚ ਵੱਡੀ ਉਪਲਬਧੀ ਹੈ | ਉਨ੍ਹਾਂ ਟੀਮ ਦੇ ਸਾਰੇ ਖਿਡਾਰੀਆਂ, ਕੋਚਾਂ ਅਤੇ ਸਹਿਯੋਗੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਪੰਜਾਬ ਅਤੇ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ |