ਜਲੰਧਰ, 19 ਮਈ (ਜਤਿੰਦਰ ਪੰਮੀ)-ਜ਼ਿਲ੍ਹੇ 'ਚ ਕਣਕ ਦੀ ਨਾੜ ਨੂੰ ਖੇਤਾਂ 'ਚ ਸਾੜੇ ਜਾਣ ਦੇ ਮਾਮਲਿਆਂ 'ਚ ਪਿਛਲੇ ਦਿਨਾਂ ਦੌਰਾਨ ਵਾਧਾ ਦਰਜ ਕੀਤਾ ਗਿਆ ਹੈ | ਸੋਮਵਾਰ ਨੂੰ ਸੈਟੇਲਾਈਟ ਰਾਹੀਂ ਪ੍ਰਾਪਤ ਹੋਈਆਂ ਅੱਗ ਦੀਆਂ ਘਟਨਾਵਾਂ ਬਾਰੇ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਜਾਰੀ ਅੰਕੜਿਆਂ ਮੁਤਾਬਕ ਜ਼ਿਲ੍ਹੇ 'ਚ ਹੁਣ ਤਕ 368 ਮਾਮਲੇ ਸਾਹਮਣੇ ਆ ਚੁੱਕੇ ਹਨ | 19 ਮਈ ਨੂੰ ਜ਼ਿਲ੍ਹੇ 'ਚ 16 ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚੋਂ 14 ਮਾਮਲੇ ਫਿਲੌਰ ਸਬ-ਡਵੀਜ਼ਨ ਅਧੀਨ ਪੈਂਦੇ ਪਿੰਡਾਂ ਦੇ ਪਾਏ ਗਏ ਹਨ ਜਦੋਂਕਿ 1 ਮਾਮਲਾ ਆਦਮਪੁਰ ਤੇ 1 ਨਕੋਦਰ ਸਬ-ਡਵੀਜ਼ਨ ਦੇ ਪਿੰਡਾਂ 'ਚੋਂ ਆਇਆ ਹੈ | ਜ਼ਿਲ੍ਹੇ ਦੀਆਂ 6 ਸਬ-ਡਵੀਜ਼ਨਾਂ 'ਚੋਂ ਕਣਕ ਦੇ ਨਾੜ ਨੂੰ ਸਭ ਤੋਂ ਵੱਧ ਅੱਗ ਫਿਲੌਰ ਸਬ-ਡਵੀਜ਼ਨ ਦੇ ਪਿੰਡਾਂ 'ਚ ਲਾਈ ਜਾ ਰਹੀ ਹੈ ਅਤੇ ਇਥੋਂ ਹੁਣ ਤਕ 135 ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ | ਇਥੇ ਕਣਕ ਦੀ ਨਾੜ ਨੂੰ ਖੇਤਾਂ 'ਚ ਅੱਗ ਲਾਉਣ ਤੋਂ ਰੋਕਣ ਲਈ ਬਣਾਈਆਂ ਗਈਆਂ ਟੀਮਾਂ ਦੀ ਕਾਰਗੁਜ਼ਾਰੀ ਨਾਮਾਤਰ ਦਿਸ ਰਹੀ ਹੈ ਕਿਉਂਕਿ ਨਾ ਤਾਂ ਇਸ ਸਬ-ਡਵੀਜ਼ਨ ਅੰਦਰ ਕਿਸੇ ਦੇ ਮਾਲ ਰਿਕਾਰਡ ਕੋਈ ਰੈਡ ਐਂਟਰੀ ਪਾਈ ਗਈ ਹੈ ਤੇ ਨਾ ਕਿਸੇ ਖ਼ਿਲਾਫ਼ ਐਫਆਈਆਰ ਹੀ ਦਰਜ ਕੀਤੀ ਗਈ ਹੈ | ਜ਼ਿਲ੍ਹੇ ਅੰਦਰ ਹੁਣ ਤਕ ਸਿਰਫ ਜਲੰਧਰ-2 ਅਧੀਨ ਪੈਂਦੇ ਪਿੰਡ 'ਚ ਇਕ ਐਫਆਈਆਰ ਹੀ ਦਰਜ ਕੀਤੀ ਗਈ ਹੈ | ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਜ਼ਿਲ੍ਹਾ ਮੁੱਖ ਖੇਤੀਬਾੜੀ ਅਫਸਰ ਡਾ. ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਵਿਭਾਗ ਵਲੋਂ ਕਿਸਾਨਾਂ ਨੂੰ ਖੇਤਾਂ 'ਚ ਕਣਕ ਦੀ ਨਾੜ ਨਾ ਸਾੜਨ ਬਾਰੇ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ | ਵਿਭਾਗ ਦੇ ਅਫਸਰ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਅੱਗ ਨਾ ਹੋਣ ਵਾਲੇ ਨੁਕਸਾਨਾਂ ਪ੍ਰਤੀ ਜਾਗਰੂਕ ਕਰ ਰਹੇ ਹਨ | ਜ਼ਿਲ੍ਹੇ 'ਚ ਕਣਕ ਦੀ ਨਾੜ ਦੇ ਮਾਮਲੇ ਵੱਧਣ ਦੇ ਬਾਵਜੂਦ ਕਾਰਵਾਈ ਨਾਮਾਤਰ ਹੋਣ ਬਾਰੇ ਪੁੱਛੇ ਜਾਣ 'ਤੇ ਡਿਪਟੀ ਕਮਿਸ਼ਨਰ ਵਰਜੀਤ ਸਿੰਘ ਵਾਲੀਆ ਨੇ ਕਿਹਾ ਕਿ ਉਹ ਇਸ ਦੀ ਪੜਤਾਲ ਕਰਵਾਉਣਗੇ ਅਤੇ ਜੋ ਵੀ ਜ਼ਿੰਮੇਵਾਰ ਪਾਇਆ ਜਾਵੇਗਾ, ਉਸ 'ਤੇ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਵਾਸੀਆਂ ਨੂੰ ਕਣਕ ਦੀ ਨਾੜ ਖੇਤਾਂ 'ਚ ਨਾ ਸਾੜਨ ਬਾਰੇ ਲਗਾਤਾਰ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਅਤੇ ਸੰਬੰਧਤ ਵਿਭਾਗਾਂ ਦੇ ਅਧਿਕਾਰੀ ਕਿਸਾਨ ਵੀਰਾਂ ਨੂੰ ਪਿੰਡਾਂ 'ਚ
ਜਾ ਕੇ ਜਾਗਰੂਕ ਵੀ ਕਰ ਰਹੇ ਹਨ | ਡੀਸੀ ਵਾਲੀਆ ਨੇ ਲੋਕਾਂ ਨੂੰ ਫਿਰ ਅਪੀਲ ਕੀਤੀ ਕਿ ਕਣਕ ਦੀ ਨਾੜ ਨੂੰ ਅੱਗ ਨਾ ਲਾਈ ਜਾਵੇ ਕਿਉਂਕਿ ਇਸ ਜਿੱਥੇ ਵਾਤਾਵਰਨ ਨੂੰ ਨੁਕਸਾਨ ਪੁੱਜਦਾ ਹੈ, ਉਥੇ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਖਰਾਬ ਹੁੰਦੀ ਤੇ ਮਿੱਤਰ ਕੀੜੇ ਵੀ ਅੱਗ 'ਚ ਸੜ ਜਾਂਦੇ ਹਨ |
ਅੱਗ ਨਾਲ ਸੜਕਾਂ ਕੰਢੇ ਲੱਗੇ ਰੁੱਖ ਵੀ ਝੁਲਸ ਰਹੇ
ਖੇਤਾਂ 'ਚ ਕਣਕ ਦੀ ਨਾੜ ਨੂੰ ਅੱਗ ਲਾਉਣ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ, ਉਥੇ ਸੜਕਾਂ ਕੰਢੇ ਲੱਗੇ ਪੌਦੇ ਵੀ ਅੱਗ ਦੀ ਲਪੇਟ 'ਚ ਆ ਕੇ ਝੁਲਸ ਰਹੇ ਹਨ | ਬੀਤੇ ਦਿਨ ਜਲੰਧਰ ਕੈਂਟ ਅਧੀਨ ਆਉਂਦੇ ਇਕ ਪਿੰਡ 'ਚ ਕਣਕ ਦੀ ਨਾੜ ਨੂੰ ਲਾਈ ਅੱਗ ਕਾਰਨ ਕਈ ਪੌਦੇ ਵੀ ਝੁਲਸ ਗਏ | ਜ਼ਿਲ੍ਹੇ 'ਚ ਪਹਿਲਾਂ ਵੀ ਕਈ ਥਾਵਾਂ 'ਤੇ ਹਰੇ-ਭਰੇ ਪੌਦੇ ਅੱਗ ਦੀ ਲਪੇਟ 'ਚ ਆਉਣ ਨਾਲ ਝੁਲਸ ਚੁੱਕੇ ਹਨ ਪਰ ਨਾ ਤਾਂ ਮੰਡੀ ਬੋਰਡ ਤੇ ਨਾ ਹੀ ਜੰਗਲਾਤ ਵਿਭਾਗ ਇਸ ਪਾਸੇ ਧਿਆਨ ਦੇ ਰਿਹਾ ਹੈ, ਜਿਸ ਕਾਰਨ ਲੋਕ ਬਿਨਾਂ ਕਿਸੇ ਝਿਜਕ ਦੇ ਵਾਤਾਵਰਨ ਨੂੰ ਨੁਕਸਾਨ ਪਹੁੰਚਾ ਰਹੇ ਹਨ |
ਜ਼ਿਲ੍ਹੇ 'ਚ ਕਣਕ ਦੀ ਨਾੜ ਸਾੜਨ ਦੇ ਆਏ 368 ਮਾਮਲੇ, ਅੱਗ ਲਾਉਣ 'ਚ ਫਿਲੌਰ ਮੋਹਰੀ <br/>
ਅਜੀਤ ਡੈਸਕ
20-05-2026