ਜਲੰਧਰ, 19 ਮਈ (ਜਤਿੰਦਰ ਪੰਮੀ)-ਜ਼ਿਲ੍ਹੇ 'ਚ ਹੋਣ ਜਾ ਰਹੀਆਂ 5 ਨਗਰ ਕੌਂਸਲਾਂ ਤੇ 2 ਨਗਰ ਪੰਚਾਇਤਾਂ ਦੇ 99 ਵਾਰਡਾਂ ਦੀਆਂ ਚੋਣਾਂ ਲਈ ਮੰਗਲਵਾਰ ਨੂੰ ਨਾਮਜ਼ਦਗੀ ਕਾਗਜ਼ ਵਾਪਸ ਲੈਣ ਦੇ ਦਿਨ ਕੁੱਲ 105 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਗਏ ਹਨ | ਨਾਮਜ਼ਦਗੀ ਪੱਤਰ ਵਾਪਸ ਲੈਣ ਵਾਲਿਆਂ 'ਚੋਂ ਵਧੇਰੇ ਕਵਰਿੰਗ ਉਮੀਦਵਾਰ ਵਜੋਂ ਕਾਗਜ਼ ਭਰਨ ਵਾਲੇ ਹਨ | ਉਕਤ ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਵਾਪਸ ਲੈਣ ਤੋਂ ਬਾਅਦ ਹੁਣ 342 ਉਮੀਦਵਾਰ ਚੋਣ ਮੈਦਾਨ 'ਚ ਰਹਿ ਗਏ ਹਨ | ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫਸਰ ਦਿਵਿਆ ਪੀ. ਨੇ ਦੱਸਿਆ ਕਿ ਸੋਮਵਾਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਉਪਰੰਤ 447 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਯੋਗ ਪਾਏ ਗਏ ਸਨ, ਜਿਨ੍ਹਾਂ 'ਚੋਂ ਮੰਗਲਵਾਰ ਨੂੰ 105 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਕਾਗਜ਼ ਵਾਪਸ ਲੈ ਲਏ ਹਨ | ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਆਦਮਪੁਰ ਤੋਂ 9, ਨਗਰ ਕੌਂਸਲ ਕਰਤਾਰਪੁਰ ਤੋਂ 5, ਨਗਰ ਕੌਂਸਲ ਨਕੋਦਰ ਤੋਂ 33, ਨਗਰ ਕੌਂਸਲ ਨੂਰਮਹਿਲ ਤੋਂ 23 ਅਤੇ ਨਗਰ ਕੌਂਸਲ ਫਿਲੌਰ ਤੋਂ 5 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਗਏ ਹਨ | ਜਦਕਿ ਨਗਰ ਪੰਚਾਇਤ ਮਹਿਤਪੁਰ ਤੋਂ 16 ਅਤੇ ਨਗਰ ਪੰਚਾਇਤ ਲੋਹੀਆਂ ਖਾਸ ਤੋਂ 14 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਵਾਪਸ ਲਏ ਹਨ | ਦੱਸਣਯੋਗ ਹੈ ਕਿ ਨਗਰ ਕੌਂਸਲ ਆਦਮਪੁਰ ਦੇ 13, ਨਗਰ ਕੌਂਸਲ ਕਰਤਾਰਪੁਰ ਦੇ 15, ਨਗਰ ਕੌਂਸਲ ਨਕੋਦਰ ਦੇ 17, ਨਗਰ ਕੌਂਸਲ ਨੂਰਮਹਿਲ ਦੇ 13, ਨਗਰ ਕੌਂਸਲ ਫਿਲੌਰ ਦੇ 15 ਅਤੇ ਨਗਰ ਪੰਚਾਇਤ ਮਹਿਤਪੁਰ ਤੇ ਲੋਹੀਆਂ ਖਾਸ ਦੇ 13-13 ਵਾਰਡ ਹਨ, ਜਿਨ੍ਹਾਂ ਵਿਚ ਹੁਣ 342 ਉਮੀਦਵਾਰ ਚੋਣ ਲੜ ਰਹੇ ਹਨ | ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਵੋਟਾਂ 26 ਮਈ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 29 ਮਈ ਨੂੰ ਹੋਵੇਗੀ |