ਜਲੰਧਰ, 19 ਮਈ (ਜਤਿੰਦਰ ਪੰਮੀ)-ਪ੍ਰਧਾਨ ਮੰਤਰੀ ਰਾਸਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਨ ਦੀ ਆਖਰੀ ਮਿਤੀ 31 ਜੁਲਾਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਹਰ ਸਾਲ 5 ਤੋਂ 18 ਸਾਲ ਉਮਰ ਦੇ ਉਨ੍ਹਾਂ ਬੱਚਿਆਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਅਸਧਾਰਣ ਬਹਾਦਰੀ ਦਾ ਕੰਮ ਕਰਕੇ ਦੂਜਿਆਂ ਲਈ ਮਿਸਾਲ ਕਾਇਮ ਕੀਤੀ ਹੋਵੇ ਜਾਂ ਆਪਣੀ ਬੇਮਿਸਾਲ ਕਾਬਲੀਅਤ, ਸ਼ਾਨਦਾਰ ਪ੍ਰਾਪਤੀਆਂ ਨਾਲ ਵੱਖ-ਵੱਖ ਖੇਤਰਾਂ ਵਿੱਚ ਯੋਗਦਾਨ ਪਾਇਆ ਹੋਵੇ | ਉਨ੍ਹਾਂ ਦੱਸਿਆ ਕਿ ਇਹ ਪੁਰਸਕਾਰ ਖੇਡਾਂ, ਸਮਾਜ ਸੇਵਾ, ਵਿਗਿਆਨ ਅਤੇ ਤਕਨਾਲੋਜੀ, ਵਾਤਾਵਰਣ, ਕਲਾ ਤੇ ਸੱਭਿਆਚਾਰ, ਨਵੀਨਤਾ ਦੇ ਖੇਤਰਾਂ ਵਿੱਚ ਦਿੱਤੇ ਜਾਂਦੇ ਹਨ | ਡੀਸੀ ਵਾਲੀਆ ਨੇ ਦੱਸਿਆ ਕਿ ਕੋਈ ਵੀ ਬੱਚਾ, ਜੋ ਭਾਰਤ ਦਾ ਨਾਗਰਿਕ ਹੈ, ਪੁਰਸਕਾਰ ਲਈ ਬਿਨੈ ਕਰ ਸਕਦਾ ਹੈ | ਉਨ੍ਹਾਂ ਦੱਸਿਆ ਕਿ ਮੰਗੀ ਗਈ ਯੋਗਤਾ ਵਾਲੇ ਬੱਚੇ ਪ੍ਰਧਾਨ ਮੰਤਰੀ ਰਾਸਟਰੀ ਬਾਲ ਪੁਰਸਕਰ ਦੀ ਵੈਬਸਾਈਟ 'ਤੇ 31 ਜੁਲਾਈ ਤੱਕ ਆਪਣੀ ਰਜਿਸਟ੍ਰੇਸ਼ਨ ਕਰ ਸਕਦੇ ਹਨ | ਵਧੇਰੇ ਜਾਣਕਾਰੀ ਲਈ ਦਫਤਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਗਾਂਧੀ ਵਨਿਤਾ ਆਸਰਮ ਵਿਖੇ ਪਹੁੰਚ ਕੀਤੀ ਜਾ ਸਕਦੀ ਹੈ |