08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਲੁਟੇਰੇ ਬੇਖ਼ੌਫ਼, ਲੋਕ ਸਹਿਮੇ! ਆਖਰ ਚੋਰੀ ਦੇ ਮਾਲ ਦੀ ਖਰੀਦੋ-ਫਰੋਖ਼ਤ ਕਰਨ ਵਾਲਿਆਂ ਤੱਕ ਕਦੋਂ ਪਹੁੰਚੇਗੀ ਪੁਲਿਸ? <br/>

Ad Position 21
No active advertisement
ਅਜੀਤ ਡੈਸਕ 20-05-2026
ਮਕਸੂਦਾਂ 19 ਮਈ (ਸੌਰਵ ਮਹਿਤਾ)-ਜਲੰਧਰ ਸ਼ਹਿਰ ਵਿੱਚ ਪਿਛਲੇ ਕੁਝ ਸਮੇਂ ਤੋਂ ਚੋਰੀ, ਲੁੱਟ-ਖੋਹ ਅਤੇ ਝਪਟਮਾਰੀ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਨਜ਼ਰ ਆ ਰਹੀਆਂ ਹਨ | ਕਿਸੇ ਇਲਾਕੇ ਵਿੱਚ ਘਰਾਂ ਦੇ ਤਾਲੇ ਟੁੱਟ ਰਹੇ ਹਨ, ਕਿਤੇ ਕਾਰਾਂ ਦੇ ਸ਼ੀਸ਼ੇ ਤੋੜ ਕੇ ਕੀਮਤੀ ਸਮਾਨ ਚੋਰੀ ਕੀਤਾ ਜਾ ਰਿਹਾ ਹੈ ਅਤੇ ਕਈ ਥਾਵਾਂ 'ਤੇ ਰਾਹ ਜਾਂਦੇ ਲੋਕਾਂ ਤੋਂ ਮੋਬਾਈਲ ਫੋਨ, ਨਕਦੀ ਅਤੇ ਸੋਨੇ ਦੀਆਂ ਚੇਨਾਂ ਖੋਹਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ | ਹਰ ਵਾਰਦਾਤ ਤੋਂ ਬਾਅਦ ਲੋਕਾਂ ਵਿੱਚ ਗੁੱਸਾ ਦਿਖਾਈ ਦਿੰਦਾ ਹੈ ਅਤੇ ਸਭ ਤੋਂ ਪਹਿਲਾ ਸਵਾਲ ਪੁਲਿਸ ਪ੍ਰਸ਼ਾਸਨ 'ਤੇ ਖੜ੍ਹਦਾ ਹੈ ਕਿ ਆਖਿਰ ਇਹ ਵਾਰਦਾਤਾਂ ਰੁਕ ਕਿਉਂ ਨਹੀਂ ਰਹੀਆਂ |
ਇਹ ਗੱਲ ਵੀ ਸੱਚ ਹੈ ਕਿ ਕਈ ਮਾਮਲਿਆਂ ਵਿੱਚ ਪੁਲਿਸ ਚੋਰਾਂ ਜਾਂ ਲੁਟੇਰਿਆਂ ਨੂੰ ਗਿ੍ਫ਼ਤਾਰ ਕਰ ਲੈਂਦੀ ਹੈ ਅਤੇ ਕਈ ਵਾਰ ਲੋਕ ਖੁਦ ਹੀ ਦੋਸ਼ੀਆਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰਦੇ ਹਨ | ਪਰ ਇਸ ਸਾਰੀ ਤਸਵੀਰ ਦਾ ਇੱਕ ਅਹਿਮ ਪੱਖ ਅਜੇ ਵੀ ਧੁੰਦਲਾ ਹੈ | ਆਖਰ ਚੋਰੀ ਦਾ ਮਾਲ ਖਰੀਦਣ ਵਾਲਿਆਂ ਤੱਕ ਪੁਲਿਸ ਦੀ ਪਹੁੰਚ ਕਦੋਂ ਹੋਵੇਗੀ?
ਚੋਰੀ ਦਾ ਮਾਲ ਖਰੀਦਣ ਵਾਲੇ ਹੀ ਬਣ ਰਹੇ ਅਪਰਾਧ ਦੀ ਸਭ ਤੋਂ ਵੱਡੀ ਕੜੀ
ਕਿਸੇ ਵੀ ਚੋਰ ਦਾ ਅਸਲ ਮਕਸਦ ਸਿਰਫ਼ ਚੋਰੀ ਕਰਨਾ ਨਹੀਂ ਹੁੰਦਾ, ਸਗੋਂ ਚੋਰੀ ਕੀਤੇ ਸਮਾਨ ਨੂੰ ਵੇਚ ਕੇ ਪੈਸਾ ਕਮਾਉਣਾ ਹੁੰਦਾ ਹੈ | ਜੇਕਰ ਚੋਰੀ ਦਾ ਮਾਲ ਖਰੀਦਣ ਵਾਲੇ ਹੀ ਨਾ ਹੋਣ ਤਾਂ ਚੋਰੀ ਅਤੇ ਲੁੱਟ-ਖੋਹ ਦੀਆਂ ਅੱਧ ਤੋਂ ਵੱਧ ਵਾਰਦਾਤਾਂ ਆਪਣੇ ਆਪ ਘਟ ਸਕਦੀਆਂ ਹਨ | ਜਲੰਧਰ ਵਿੱਚ ਚੋਰੀ ਹੋਏ ਮੋਬਾਈਲ, ਲੈਪਟਾਪ, ਸੋਨੇ ਦੇ ਗਹਿਣੇ, ਇਨਵਰਟਰ, ਬੈਟਰੀਆਂ ਅਤੇ ਹੋਰ ਕੀਮਤੀ ਸਮਾਨ ਆਖਿਰ ਕਿਸੇ ਨਾ ਕਿਸੇ ਰਾਹੀਂ ਵੇਚਿਆ ਤਾਂ ਜ਼ਰੂਰ ਜਾਂਦਾ ਹੈ | ਇਹ ਸਮਾਨ ਕੋਈ ਨਾ ਕੋਈ ਖਰੀਦ ਰਿਹਾ ਹੈ ਅਤੇ ਸਸਤੇ ਦੇ ਲਾਲਚ ਵਿੱਚ ਇਸ ਗੈਰ-ਕਾਨੂੰਨੀ ਕਾਰੋਬਾਰ ਨੂੰ ਜਾਣਬੁੱਝ ਕੇ ਜਾਂ ਅਣਜਾਣੇ ਵਿੱਚ ਹੌਸਲਾ ਵੀ ਮਿਲ ਰਿਹਾ ਹੈ |
ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਦੋਂ ਚੋਰ ਫੜੇ ਜਾਂਦੇ ਹਨ ਤਾਂ ਉਹਨਾਂ ਕੋਲੋਂ ਇਹ ਜਾਣਕਾਰੀ ਵੀ ਜ਼ਰੂਰ ਮਿਲਦੀ ਹੋਵੇਗੀ ਕਿ ਉਹ ਚੋਰੀ ਦਾ ਮਾਲ ਕਿਸ ਨੂੰ ਵੇਚਦੇ ਹਨ | ਫਿਰ ਉਹਨਾਂ ਲੋਕਾਂ ਤੱਕ ਕਾਨੂੰਨ ਦੀ ਪਹੁੰਚ ਕਿਉਂ ਨਹੀਂ ਹੁੰਦੀ? ਜੇਕਰ ਪੁਲਿਸ ਚੋਰੀ ਦਾ ਮਾਲ ਖਰੀਦਣ ਵਾਲੇ ਨੈੱਟਵਰਕ 'ਤੇ ਸਖ਼ਤ ਕਾਰਵਾਈ ਕਰੇ ਤਾਂ ਸ਼ਹਿਰ ਵਿੱਚ ਵਧ ਰਹੀਆਂ ਵਾਰਦਾਤਾਂ 'ਤੇ ਕਾਫੀ ਹੱਦ ਤੱਕ ਰੋਕ ਲੱਗ ਸਕਦੀ ਹੈ |
ਸੈਕਿੰਡ ਹੈਂਡ ਦੇ ਨਾਂਅ 'ਤੇ ਚੱਲ ਰਿਹਾ ਸ਼ੱਕੀ ਕਾਰੋਬਾਰ
ਅਕਸਰ ਦੇਖਿਆ ਗਿਆ ਹੈ ਕਿ ਵਾਰਦਾਤ ਤੋਂ ਬਾਅਦ ਪੁਲਿਸ ਕੁਝ ਦਿਨ ਸਰਗਰਮ ਰਹਿੰਦੀ ਹੈ, ਦੋਸ਼ੀਆਂ ਨੂੰ ਕਾਬੂ ਕਰਨ ਦੇ ਦਾਅਵੇ ਵੀ ਹੁੰਦੇ ਹਨ ਅਤੇ ਕਈ ਵਾਰ ਚੋਰੀ ਦਾ ਕੁਝ ਸਮਾਨ ਵੀ ਬਰਾਮਦ ਕਰ ਲਿਆ ਜਾਂਦਾ ਹੈ | ਪਰ ਇਹ ਵੀ ਇੱਕ ਸੱਚਾਈ ਹੈ ਕਿ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਅੱਜ ਵੀ ਸੈਕਿੰਡ ਹੈਂਡ ਮੋਬਾਈਲਾਂ, ਬਿਨਾਂ ਬਿੱਲ ਵਾਲੇ ਇਲੈਕਟ੍ਰਾਨਿਕ ਸਮਾਨ ਅਤੇ ਸ਼ੱਕੀ ਚੀਜ਼ਾਂ ਦੀ ਖਰੀਦ-ਫਰੋਖ਼ਤ ਚੁੱਪਚਾਪ ਚੱਲ ਰਹੀ ਹੈ | ਜੇਕਰ ਇਨ੍ਹਾਂ ਥਾਵਾਂ 'ਤੇ ਲਗਾਤਾਰ ਨਿਗਰਾਨੀ ਹੋਵੇ, ਰਿਕਾਰਡ ਚੈੱਕ ਕੀਤੇ ਜਾਣ ਅਤੇ ਚੋਰੀ ਦਾ ਮਾਲ ਖਰੀਦਣ ਵਾਲਿਆਂ ਖ਼ਿਲਾਫ਼ ਕੜੀ ਕਾਰਵਾਈ ਕੀਤੀ ਜਾਵੇ ਤਾਂ ਚੋਰਾਂ ਲਈ ਆਪਣਾ ਸਮਾਨ ਵੇਚਣਾ ਮੁਸ਼ਕਿਲ ਹੋ ਸਕਦਾ ਹੈ | ਪਰ ਜਦੋਂ ਖਰੀਦਦਾਰ ਹੀ ਬੇਫ਼ਿਕਰ ਘੁੰਮ ਰਹੇ ਹੋਣ ਤਾਂ ਚੋਰਾਂ ਦੇ ਹੌਸਲੇ ਵੀ ਵਧਣੇ ਸਵਭਾਵਿਕ ਹਨ |
ਲਗਾਤਾਰ ਵਾਰਦਾਤਾਂ ਨੇ ਲੋਕਾਂ ਵਿੱਚ ਪੈਦਾ ਕੀਤਾ ਡਰ
ਜਲੰਧਰ ਵਿੱਚ ਪਿਛਲੇ ਕੁਝ ਹਫ਼ਤਿਆਂ ਦੌਰਾਨ ਵਾਪਰੀਆਂ ਲੁੱਟ-ਖੋਹ ਅਤੇ ਹਮਲਿਆਂ ਦੀਆਂ ਘਟਨਾਵਾਂ ਨੇ ਆਮ ਲੋਕਾਂ ਦੀ ਸੁਰੱਖਿਆ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ | ਐਤਵਾਰ 17 ਮਈ ਦੀ ਸ਼ਾਮ ਥਾਣਾ ਡਵੀਜ਼ਨ ਨੰਬਰ 8 ਦੇ ਅਧੀਨ ਲੰਮਾ ਪਿੰਡ ਚੌਂਕ ਨੇੜੇ ਇੰਚੀ ਟੇਪ ਫੈਕਟਰੀ ਵਿੱਚ ਕੰਮ ਕਰਨ ਵਾਲੇ ਰਣਜੀਤ ਨਾਲ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਦਾਤ ਦਿਖਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ |
ਇਸ ਤੋਂ ਇੱਕ ਦਿਨ ਪਹਿਲਾਂ 16 ਮਈ ਨੂੰ ਦਿਨ ਦਿਹਾੜੇ ਇੱਕ ਔਰਤ, ਜੋ ਆਪਣੇ ਬੱਚੇ ਨਾਲ ਕੰਮ ਤੋਂ ਵਾਪਸ ਘਰ ਜਾ ਰਹੀ ਸੀ, ਨਾਲ ਦਾਤ ਦੇ ਜ਼ੋਰ 'ਤੇ ਲੁੱਟ ਦੀ ਕੋਸ਼ਿਸ਼ ਕੀਤੀ ਗਈ | ਸੀਸੀਟੀਵੀ ਵੀਡੀਓ ਵਿੱਚ ਸਾਫ਼ ਦਿਖਾਈ ਦਿੱਤਾ ਕਿ ਲੁਟੇਰੇ ਨੇ ਔਰਤ 'ਤੇ ਹਮਲਾ ਕਰਨ ਤੱਕ ਦੀ ਕੋਸ਼ਿਸ਼ ਕੀਤੀ ਅਤੇ ਜੇਕਰ ਲੋਕ ਮੌਕੇ 'ਤੇ ਇਕੱਠੇ ਨਾ ਹੁੰਦੇ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ | ਇਸ ਤੋਂ ਪਹਿਲਾਂ ਨਾਗਰਾ ਇਲਾਕੇ ਵਿੱਚ ਇੱਕ ਟੈਕਸੀ ਡਰਾਈਵਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਮੋਬਾਈਲ ਅਤੇ ਨਕਦੀ ਲੁੱਟੀ ਗਈ | ਇਸ ਤੋਂ ਇਲਾਵਾ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਕਾਰਾਂ ਦੇ ਸ਼ੀਸ਼ੇ ਤੋੜ ਕੇ ਚੋਰੀਆਂ, ਰਾਹ ਜਾਂਦੇ ਲੋਕਾਂ ਤੋਂ ਮੋਬਾਈਲ ਖੋਹਣ ਅਤੇ ਔਰਤਾਂ ਤੋਂ ਚੇਨ ਸਨੇਚਿੰਗ ਵਰਗੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ | ਹੈਰਾਨੀ ਦੀ ਗੱਲ ਇਹ ਹੈ ਕਿ ਕਈ ਮਾਮਲਿਆਂ ਵਿੱਚ ਸੀਸੀਟੀਵੀ ਫੁਟੇਜ ਸਾਹਮਣੇ ਆਉਣ ਦੇ ਬਾਵਜੂਦ ਦੋਸ਼ੀ ਪੁਲਿਸ ਦੀ ਪਹੁੰਚ ਤੋਂ ਦੂਰ ਦਿਖਾਈ ਦੇ ਰਹੇ ਹਨ |
ਸਿਰਫ਼ ਚੋਰਾਂ ਨੂੰ ਫੜਨ ਨਾਲ ਨਹੀਂ ਬਣੇਗੀ ਗੱਲ
ਅੱਜ ਲੋੜ ਸਿਰਫ਼ ਚੋਰਾਂ ਨੂੰ ਫੜਨ ਦੀ ਨਹੀਂ, ਸਗੋਂ ਉਸ ਪੂਰੇ ਨੈੱਟਵਰਕ ਨੂੰ ਤੋੜਨ ਦੀ ਹੈ ਜੋ ਚੋਰੀ ਦੇ ਮਾਲ ਦੀ ਖਰੀਦੋ-ਫਰੋਖ਼ਤ ਨਾਲ ਜੁੜਿਆ ਹੋਇਆ ਹੈ | ਜੇਕਰ ਕੋਈ ਵਿਅਕਤੀ ਜਾਣਬੁੱਝ ਕੇ ਸਸਤੇ ਭਾਅ 'ਤੇ ਬਿਨਾਂ ਬਿੱਲ ਦੇ ਸਮਾਨ ਖਰੀਦਦਾ ਹੈ ਤਾਂ ਉਹ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਅਪਰਾਧ ਨੂੰ ਵਧਾਉਣ ਵਿੱਚ ਭਾਗੀਦਾਰ ਬਣਦਾ ਹੈ | ਸਮਾਜ ਨੂੰ ਵੀ ਇਹ ਸਮਝਣ ਦੀ ਲੋੜ ਹੈ ਕਿ ਸਸਤੇ ਦੇ ਲਾਲਚ ਵਿੱਚ ਖਰੀਦਿਆ ਗਿਆ ਸਮਾਨ ਕਿਸੇ ਹੋਰ ਦੀ ਮਿਹਨਤ ਦੀ ਕਮਾਈ ਹੋ ਸਕਦਾ ਹੈ | ਜਲੰਧਰ ਵਿੱਚ ਵਧ ਰਹੀਆਂ ਚੋਰੀਆਂ ਅਤੇ ਲੁੱਟਾਂ ਨੂੰ ਰੋਕਣ ਲਈ ਹੁਣ ਸਮਾਂ ਆ ਗਿਆ ਹੈ ਕਿ ਪੁਲਿਸ ਸਿਰਫ਼ ਚੋਰਾਂ ਨੂੰ ਗਿ੍ਫ਼ਤਾਰ ਕਰਨ ਤੱਕ ਹੀ ਸੀਮਤ ਨਾ ਰਹੇ, ਸਗੋਂ ਉਹਨਾਂ ਲੋਕਾਂ ਤੱਕ ਵੀ ਪਹੁੰਚੇ ਜੋ ਪਰਦੇ ਪਿੱਛੇ ਬੈਠ ਕੇ ਚੋਰੀ ਦੇ ਮਾਲ ਦੀ ਖਰੀਦ-ਫਰੋਖ਼ਤ ਰਾਹੀਂ ਇਸ ਗੈਰਕਾਨੂੰਨੀ ਧੰਦੇ ਨੂੰ ਜ਼ਿੰਦਾ ਰੱਖ ਰਹੇ ਹਨ | ਕਿਉਂਕਿ ਜਦ ਤੱਕ ਚੋਰੀ ਦੇ ਮਾਲ ਦੇ ਖਰੀਦਦਾਰਾਂ 'ਤੇ ਸਖ਼ਤ ਕਾਰਵਾਈ ਨਹੀਂ ਹੋਵੇਗੀ, ਤਦ ਤੱਕ ਚੋਰੀਆਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਪੂਰੀ ਤਰ੍ਹਾਂ ਰੋਕਣਾ ਮੁਸ਼ਕਿਲ ਹੀ ਰਹੇਗਾ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਡੀ.ਏ.ਵੀ. ਪਬਲਿਕ ਸਕੂਲ 'ਚ ਹੈੱਡ ਬੁਆਏ ਤੇ ਹੈੱਡ ਗਰਲ ਦੀ ਹੋਈ ਚੋਣ <br/> ਅਗਲੀ ਖ਼ਬਰ ਪੰਜਾਬ ਸਬ-ਜੂਨੀਅਰ ਸਟੇਟ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਜਲੰਧਰ ਵਿਖੇ ਸ਼ੁਰੂ <br/>
Ad Position 24