ਨੰਗਲ ਸ਼ਾਮਾਂ ਦੇ ਡੌਗ ਪੌਂਡ ਦੇ ਕੋਲ ਹੀ ਨਵਾਂ ਬਣਾਇਆ ਜਾਵੇਗਾ ਡੌਗ ਸ਼ੈਲਟਰ <br/>
ਨੰਗਲ ਸ਼ਾਮਾਂ ਸਥਿਤ ਡੌਗ ਪੌਂਡ ਕੋਲ ਕੁੱਤੇ ਰੱਖਣ ਲਈ ਨਵੀਂ ਇਮਾਰਤ ਬਣਾਉਣ ਦਾ ਚਲ ਰਿਹਾ ਕੰਮ | ਤਸਵੀਰ: ਜੀ. ਪੀ. ਸਿੰਘ
<br/>
20-05-2026
ਜਲੰਧਰ, 19 ਮਈ (ਸ਼ਿਵ)- ਸੁਪਰੀਮ-ਕੋਰਟ ਦੇ ਲਾਵਾਰਸ ਖ਼ਤਰਨਾਕ ਕੁੱਤਿਆਂ ਬਾਰੇ ਆਏ ਤਾਜ਼ਾ ਆਦੇਸ਼ ਵਿਚ ਕਾਫੀ ਚਿੰਤਾ ਜ਼ਾਹਿਰ ਕੀਤੀ ਗਈ ਹੈ ਜਿਸ ਕਰਕੇ ਨਗਰ ਨਿਗਮ ਨੂੰ ਇਨ੍ਹਾਂ ਬਾਰੇ ਕਈ ਸਖ਼ਤ ਕਦਮ ਉਠਾਉਣੇ ਪੈਣਗੇ | ਸ਼ਹਿਰ ਵਿਚ ਅਜੇ ਵੀ ਲਾਵਾਰਸ ਕੁੱਤਿਆਂ ਵਲੋਂ ਵੱਢਣ ਦੇ ਮਾਮਲੇ ਸਾਹਮਣੇ ਆ ਰਹੇ ਹਨ | ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਵਲੋਂ 7 ਨਵੰਬਰ 2025 ਨੂੰ ਜਿਹੜੇ ਆਦੇਸ਼ ਜਾਰੀ ਕੀਤੇ ਗਏ ਸਨ | ਉਨਾਂ 'ਤੇ ਅਮਲ ਕਰਦੇ ਹੋਏ ਨਗਰ ਨਿਗਮ ਵਲੋਂ ਨੰਗਲ ਸ਼ਾਮਾਂ ਦੇ ਡੌਗ ਪੌਂਡ ਵਿਚ ਨਵਾਂ ਨਿਰਮਾਣ ਸ਼ੁਰੂ ਕਰਵਾ ਦਿੱਤਾ ਗਿਆ ਹੈ ਜਿਸ ਦੇ ਤਹਿਤ ਹੁਣ ਨਸਬੰਦੀ ਲਈ ਰੱਖੇ ਜਾਣ ਵਾਲੇ ਲਾਵਾਰਸ ਕੁੱਤਿਆਂ ਲਈ ਨਵੇਂ ਡੌਗ ਚੈਨਲ ਬਣਾਏ ਜਾ ਰਹੇ ਹਨ | ਜਾਰੀ ਆਦੇਸ਼ਾਂ ਵਿਚ ਕਿਹਾ ਗਿਆ ਸੀ ਕਿ ਲਾਵਾਰਸ ਕੁੱਤਿਆਂ, ਫੀਮੇਲ ਦੇ ਨਸਬੰਦੀ ਦੇ ਆਪੇ੍ਰਸ਼ਨ ਕਰਨ ਦੀ ਗਿਣਤੀ ਦੁੱਗਣੀ ਕੀਤੇ ਜਾਣ ਤੋਂ ਇਲਾਵਾ ਲਾਵਾਰਸ ਕੁੱਤਿਆਂ ਨੂੰ ਰੱਖਣ ਲਈ ਡੌਗ ਸ਼ੈਲਟਰ ਵੀ ਬਣਾਇਆ ਜਾਣਾ ਚਾਹੀਦਾ ਹੈ | ਉਨਾਂ ਆਦੇਸ਼ਾਂ ਮੁਤਾਬਕ ਹੀ ਨਗਰ ਨਿਗਮ ਵਲੋਂ ਹੁਣ ਨੰਗਲ ਸ਼ਾਮਾਂ ਦੇ ਡੌਗ ਪੌਂਡ ਵਿਚ ਨਵੇਂ ਡੌਗ ਚੈਨਲ ਬਣਾਏ ਜਾ ਰਹੇ ਹਨ | ਇਸ ਵੇਲੇ ਇਸ ਡੌਗ ਪੌਂਡ ਵਿਚ 25 ਤੋਂ 30 ਲਾਵਾਰਸ ਕੁੱਤਿਆਂ, ਫੀਮੇਲ ਦੀ ਨਸਬੰਦੀ ਦੇ ਆਪੇ੍ਰਸ਼ਨ ਕੀਤੇ ਜਾਂਦੇ ਹਨ ਜਦਕਿ ਜਦੋਂ ਨਵੇਂ ਡੌਗ ਚੈਨਲ ਬਣਾਉਣ ਦਾ ਕੰਮ ਪੂਰਾ ਹੋ ਜਾਵੇਗਾ ਤਾਂ ਨਸਬੰਦੀ ਦੇ ਆਪ੍ਰੇਸ਼ਨਾਂ ਦੀ ਗਿਣਤੀ ਦੁੱਗਣੀ ਕਰ ਦਿੱਤੀ ਜਾਵੇਗੀ | ਆਪ੍ਰੇਸ਼ਨ ਤੋਂ ਪਹਿਲਾਂ ਅਤੇ ਬਾਅਦ ਵਿਚ ਤਿੰਨ ਦਿਨ ਤੱਕ ਡੌਗ ਚੈਨਲ ਵਿਚ ਲਾਵਾਰਸ ਕੁੱਤਿਆਂ ਨੂੰ ਰੱਖਿਆ ਜਾਂਦਾ ਹੈ | ਇਸ ਚੈਨਲ ਨੂੰ ਬਣਾਉਣ ਲਈ ਨਿਰਮਾਣ ਸ਼ੁਰੂ ਹੋ ਗਿਆ ਹੈ | ਇਸ ਤੋਂ ਇਲਾਵਾ ਲਾਵਾਰਸ ਕੁੱਤਿਆਂ ਨੂੰ ਰੱਖਣ ਲਈ ਡੌਗ ਸ਼ੈਲਟਰ ਬਣਾਉਣ ਲਈ ਨਿਗਮ ਵਲੋਂ ਟੈਂਡਰ ਲਗਾਇਆ ਗਿਆ ਸੀ ਤੇ ਯੋਗ ਕੰਪਨੀ ਦਾ ਟੈਂਡਰ ਆਉਣ ਤੋਂ ਬਾਅਦ ਨਿਗਮ ਵਲੋਂ ਕੰਮ ਅਲਾਟ ਕੀਤੇ ਜਾਣ ਦੀ ਸੰਭਾਵਨਾ ਹੈ | ਦੂਜੇ ਪਾਸੇ ਸ਼ਹਿਰ ਵਿਚ ਕਈ ਲੋਕਾਂ ਵਲੋਂ ਲਾਵਾਰਸ ਕੁੱਤਿਆਂ ਵਲੋਂ ਕੱਟੇ ਜਾਣ ਦੀਆਂ ਸ਼ਿਕਾਇਤਾਂ ਆਉਂਦੀਆਂ ਰਹੀਆਂ ਹਨ ਪਰ ਨਿਗਮ ਦਾ ਕਹਿਣਾ ਸੀ ਕਿ ਕਾਫੀ ਗਿਣਤੀ ਵਿਚ ਆਪ੍ਰੇਸ਼ਨ ਹੋਣ ਤੋਂ ਬਾਅਦ ਇਸ ਤਰਾਂ ਦੇ ਮਾਮਲਿਆਂ ਵਿਚ ਕਮੀ ਆਈ ਹੈ | ਉਨਾਂ ਆਦੇਸ਼ਾਂ ਦਾ ਵੀ ਨਿਗਮ ਵਲੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ ਤੇ ਇਸ ਤੋਂ ਬਾਅਦ ਹੀ ਨਿਗਮ ਵਲੋਂ ਨਵੀਂ ਯੋਜਨਾਬੰਦੀ ਕੀਤੇ ਜਾਣ ਦੀ ਸੰਭਾਵਨਾ ਹੈ | ਨੰਗਲ ਸ਼ਾਮਾਂ ਦੇ ਡੌਗ ਪੌਂਡ ਦਾ ਕੰਮ ਦੇਖ ਰਹੇ ਡਾ. ਸਿਮਰਨ ਨੇ ਦੱਸਿਆ ਕਿ ਇਸ ਨੰਗਲ ਸ਼ਾਮਾਂ ਦੇ ਡੌਗ ਪੌਂਡ ਵਿਚ 2016 ਤੋਂ ਲੈ ਕੇ ਹੁਣ ਤੱਕ 43000 ਦੇ ਕਰੀਬ ਨਸਬੰਦੀ ਦੇ ਆਪ੍ਰੇਸ਼ਨ ਕੀਤੇ ਜਾ ਚੁੱਕੇ ਹਨ | ਉਨਾਂ ਦੱਸਿਆ ਕਿ ਸ਼ਹਿਰ ਵਿਚ ਹੁਣ ਲੋਕਾਂ ਵਲੋਂ ਲਾਵਾਰਸ ਕੁੱਤਿਆਂ ਬਾਰੇ ਸ਼ਿਕਾਇਤਾਂ ਕਾਫੀ ਘੱਟ ਗਿਣਤੀ ਵਿਚ ਆ ਰਹੀਆਂ ਹਨ | ਉਨਾਂ ਕਿਹਾ ਕਿ ਨਸਬੰਦੀ ਆਪੇ੍ਰਸ਼ਨਾਂ ਤੋਂ ਬਾਅਦ ਲੋਕਾਂ ਦੀਆਂ ਸ਼ਿਕਾਇਤਾਂ ਵਿਚ ਕਾਫੀ ਕਮੀ ਆਈ ਹੈ ਤੇ ਜਦੋਂ ਨਵੇਂ ਡੌਗ ਚੈਨਲ ਬਣਨ ਦਾ ਕੰਮ ਪੂਰਾ ਹੋ ਜਾਵੇਗਾ ਤਾਂ ਆਪ੍ਰੇਸ਼ਨਾਂ ਦੀ ਗਿਣਤੀ ਦੂਣੀ ਹੋ ਜਾਵੇਗੀ ਤਾਂ ਇਸ ਨਾਲ ਲੋਕਾਂ ਨੂੰ ਆਉਂਦੀ ਸਮੱਸਿਆ ਵਿਚ ਕਮੀ ਆਵੇਗੀ |