ਮਲਸੀਆਂ, 19 ਮਈ (ਸੁਖਦੀਪ ਸਿੰਘ) ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਅਤੇ ਸੀ.ਪੀ.ਆਈ.ਐਮ.ਐਲ. (ਲਿਬਰੇਸ਼ਨ) ਦੇ ਸੱਦੇ 'ਤੇ ਅੱਜ ਡੀਜ਼ਲ-ਪੈਟਰੋਲ, ਗੈਸ ਅਤੇ ਸੀ.ਐਨ.ਜੀ. ਦੀਆਂ ਕੀਮਤਾਂ 'ਚ ਮੋਦੀ ਸਰਕਾਰ ਵਲੋਂ ਕੀਤੇ ਗਏ ਵਾਧੇ ਖਿਲਾਫ਼ ਕਸਬਾ ਮਲਸੀਆਂ ਵਿਖੇ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਆਰ.ਐਮ.ਪੀ.ਆਈ. ਦੇ ਤਹਿਸੀਲ ਜਲੰਧਰ ਦੇ ਸਕੱਤਰ ਕਾਮਰੇਡ ਬਲਦੇਵ ਸਿੰਘ ਨੂਰਪੁਰੀ ਅਤੇ ਤਹਿਸੀਲ ਸ਼ਾਹਕੋਟ ਦੇ ਸਕੱਤਰ ਕਾਮਰੇਡ ਨਿਰਮਲ ਸਿੰਘ ਮਲਸੀਆਂ ਨੇ ਕਿਹਾ ਕਿ ਦੋਹਾਂ ਪਾਰਟੀਆਂ ਵਲੋਂ 'ਲੋਕਾਂ ਕੋਲ ਚੱਲੋ' ਮੁਹਿੰਮ 28 ਮਈ ਤੱਕ ਜਾਰੀ ਰਹੇਗੀ | ਉਨ੍ਹਾਂ ਕਿਹਾ ਕਿ ਅੱਜ ਦੇ ਰੋਸ ਮੁਜ਼ਾਹਰਿਆਂ ਦੌਰਾਨ ਤੇਜ਼ੀ ਨਾਲ ਵਧਦੀ ਜਾ ਰਹੀ ਲੱਕ-ਤੋੜ ਮਹਿੰਗਾਈ ਅਤੇ ਸਰਕਾਰ ਤੇ ਪ੍ਰਸ਼ਾਸਨਿਕ ਮਸ਼ੀਨਰੀ ਦੀ ਮਿਲੀਭੁਗਤ ਨਾਲ ਕੀਤੀ ਜਾ ਰਹੀ ਜ਼ਰੂਰੀ ਵਸਤਾਂ ਦੀ ਕਾਲਾਬਾਜ਼ਾਰੀ ਕਾਰਨ ਡੀਜ਼ਲ-ਪੈਟਰੋਲ ਦੇ ਰੇਟ ਵਧਣ ਨਾਲ ਰੋਜ਼ਾਨਾ ਦੀਆਂ ਜ਼ਰੂਰੀ ਵਸਤਾਂ ਮਹਿੰਗੀਆਂ ਹੋ ਗਈਆਂ, ਜਿਸ ਨਾਲ ਮਹਿੰਗਾਈ ਦੀ ਮਾਰ ਹੇਠ ਪਹਿਲਾਂ ਹੀ ਤ੍ਰਾਹ-ਤ੍ਰਾਹ ਕਰ ਰਹੇ ਆਮ ਲੋਕਾਂ ਦਾ ਜਿਉਣਾ ਹੋਰ ਵੀ ਦੁੱਭਰ ਹੋ ਜਾਵੇਗਾ | ਨੂਰਪੁਰੀ ਤੇ ਮਲਸੀਆਂ ਨੇ ਦੋਸ਼ ਲਾਇਆ ਹੈ ਕਿ ਆਪਣੀ ਖੁਦ ਦੀ ਛਵੀ ਚਮਕਾਉਣ ਲਈ ਭੜਕੀਲੇ ਪ੍ਰਚਾਰ ਅਤੇ ਆਪਣੇ ਚਹੇਤੇ ਪੂੰਜੀਪਤੀਆਂ ਨੂੰ ਨਜਾਇਜ਼ ਲਾਭ ਪਹੁੰਚਾਉਣ ਦੇ ਨਿਰੋਲ ਮਕਸਦ ਅਧੀਨ ਕੀਤੀਆਂ ਜਾਂਦੀਆਂ ਬੇਸ਼ੁਮਾਰ ਵਿਦੇਸ਼ ਯਾਤਰਾਵਾਂ ਤੇ ਦੇਸ਼ ਦੇ ਖਜ਼ਾਨੇ 'ਚੋਂ ਹਜ਼ਾਰਾਂ ਕਰੋੜ ਰੁਪਏ ਫੂਕਣ ਵਾਲਾ ਮੋਦੀ ਇਸ ਸੰਕਟ ਦੀ ਸਥਿਤੀ 'ਚ ਲੋਕਾਂ ਦੀ ਮਦਦ ਕਰਨ ਲਈ ਠੋਸ ਕਦਮ ਚੁੱਕਣ ਦੀ ਥਾਂ ਦੇਸ਼ ਵਾਸੀਆਂ ਨੂੰ 'ਭੁੱਖੇ ਮਰਨ' ਦੇ ਹਾਸੋਹੀਣੇ ਮਸ਼ਵਰੇ ਦੇ ਰਿਹਾ ਹੈ | ਇਸ ਮੌਕੇ ਤਹਿਸੀਲ ਸ਼ਾਹਕੋਟ ਦੇ ਪ੍ਰਧਾਨ ਤਾਰਾ ਸਿੰਘ ਥੰਮੂਵਾਲ, ਵਿਕਰਮ ਮੰਡਾਲਾ, ਜਗੀਰ ਕੋਟਲੀ ਗਾਜਰਾਂ, ਸੰਤੋਖ ਈਸੇਵਾਲ, ਕਰਨੈਲ ਸਿੰਘ ਤਲਵੰਡੀ ਮਾਧੋ, ਤਰਸੇਮ ਸ਼ਾਹਕੋਟ, ਮੰਗਤ ਰਾਮ ਮੁਰੀਦਵਾਲ, ਪਿੰ੍ਰਸ ਸਹੋਤਾ, ਰਵੀ ਕੁਮਾਰ, ਗੁਰਜੀਤ ਸਿੰਘ ਰਾਏਵਾਲ, ਮੁਖਤਿਆਰ ਤੋਂ ਇਲਾਵਾ ਵੱਡੀ ਗਿਣਤੀ 'ਚ ਮਜ਼ਦੂਰ ਵਰਗ ਸ਼ਾਮਿਲ ਸੀ |