ਜਲੰਧਰ, 20 ਮਈ (ਸ਼ਿਵ)- ਨਗਰ ਨਿਗਮ ਕੰਪਲੈਕਸ ਵਿਚ ਅੱਜ ਆਕਾਸ਼ ਕੰਟਰੈਕਟਰ ਠੇਕੇਦਾਰ ਸਤਪਾਲ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਗਾਏ ਹਨ ਕਿ ਕੁੱਝ ਦਿਨ ਪਹਿਲਾਂ ਦੂਜੇ ਠੇਕੇਦਾਰਾਂ ਵੱਲੋਂ ਟੈਂਡਰ ਪਾਏ ਗਏ ਸੀ | ਮਾਰਚ ਮਹੀਨੇ ਵਿਚ ਟੈਂਡਰ ਲਗਾਏ ਗਏ ਸਨ ਜੋ ਕਿ 16 ਕਰੋੜ ਦੇ ਟੈਂਡਰ ਸੀ | ਜਿਸ ਵਿਚ ਕੂੜਾ ਚੁਕਾਉਣ ਲਈ ਜੇ.ਸੀ.ਬੀ. ਟਿੱਪਰ ਅਤੇ ਟਰਾਲੀਆਂ ਦਾ ਠੇਕਾ ਮਿਲਣਾ ਸੀ | ਉਨ੍ਹਾਂ ਕੋਲੋਂ ਕਾਗ਼ਜ਼ਾਤ ਪੂਰੇ ਨਹੀਂ ਸੀ ਇਸ ਕਰ ਕੇ ਉਨ੍ਹਾਂ ਨੇ ਟੈਂਡਰ ਨਹੀਂ ਭਰਿਆ ਪਰ ਇਕ ਦੂਜੇ ਠੇਕੇਦਾਰ ਵੱਲੋਂ ਪਾਏ ਗਏ ਟੈਂਡਰ ਬਾਰੇ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਕਾਗ਼ਜ਼ਾਤ ਸਹੀ ਨਹੀਂ ਲਗਾਏ ਗਏ | ਇਸ ਬਾਰੇ ਡੀ. ਟੀ. ਓ. ਦਫ਼ਤਰ ਤੋਂ ਕਾਗ਼ਜ਼ਾਤ ਚੈੱਕ ਕਰਵਾਏ ਗਏ | ਉਨ੍ਹਾਂ ਵਿਚ ਸਕੂਟਰ ਅਤੇ ਮੋਟਰਸਾਈਕਲ ਦੇ ਨੰਬਰ ਨਿਕਲੇ | ਸਤਪਾਲ ਗਿੱਲ ਨੇ ਨਿਗਮ ਪ੍ਰਸ਼ਾਸਨ ਤੋਂ ਸਾਰੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇਸ ਬਾਰੇ ਕਾਗ਼ਜ਼ਾਤ ਮੌਜੂਦ ਹਨ | ਉਨ੍ਹਾਂ ਨਾਲ ਕਰਨ ਗਿੱਲ ਵੀ ਮੌਜੂਦ ਸੀ |