ਜਲੰਧਰ, 20 ਮਈ (ਜਤਿੰਦਰ ਪੰਮੀ)-ਬੱਸ ਅੱਡੇ ਨੇੜੇ ਗੁਜਰਾਲ ਕੰਸਲਟੈਂਟ ਇਮੀਗਰੇਸ਼ਨ ਚਲਾਉਣ ਵਾਲੇ ਸੰਨੀ ਗੁਜਰਾਲ ਨੇ ਉਸ ਦੇ ਦਫਤਰ 'ਚ ਕੁੱਟਮਾਰ ਕਰਨ ਤੇ ਜ਼ਬਰਦਸਤੀ ਗੱਡੀ 'ਚ ਬਿਠਾ ਕੇ ਲਿਜਾਣ ਵਾਲੇ ਅਣਪਛਾਤੇ ਵਿਅਕਤੀਆਂ ਅਤੇ ਵਿਦੇਸ਼ੀ ਨੰਬਰਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲਿਆਂ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਕਰਨ ਤੇ ਉਸ ਨੂੰ ਇਨਸਾਫ਼ ਦਿਵਾਉਣ ਦੀ ਫਰਿਆਦ ਕੀਤੀ ਹੈ | ਸੰਨੀ ਗੁਜਰਾਲ ਨੇ ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਨੂੰ ਮਿਲ ਕੇ ਆਪਣੀ ਹੱਡਬੀਤੀ ਸੁਣਾਈ ਅਤੇ ਪੁਲਿਸ ਵਲੋਂ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਨਾ ਕੀਤੇ ਜਾਣ ਬਾਰੇ ਦੱਸਿਆ | ਇਸ ਉਪਰੰਤ ਪ੍ਰੈੱਸ ਕਲੱਬ 'ਚ ਗੱਲਬਾਤ ਕਰਦਿਆਂ ਸੰਨੀ ਗੁਜਰਾਲ ਨੇ ਕਿਹਾ ਕਿ ਪੁਲਿਸ ਨੇ ਅਣਪਛਾਤੇ ਹਮਲਾਵਰ ਖ਼ਿਲਾਫ਼ ਕੁੱਟਮਾਰ ਤੇ ਅਗਵਾ ਕਰਨ ਦੀ ਥਾਂ 751 ਦਾ ਪਰਚਾ ਦਰਜ ਕਰ ਦਿੱਤਾ ਹੈ | ਇਸ ਤੋਂ ਇਲਾਵ ਉਸ ਨੂੰ ਵਿਦੇਸ਼ੀ ਨੰਬਰ 'ਤੋਂ ਫੋਨ ਕਰਕੇ ਇਹ ਕਿਹਾ ਗਿਆ ਕਿ ਕੀਤੀ ਗਈ ਕੁੱਟਮਾਰ ਸਿਰਫ ਟਰੇਲਰ ਹੀ ਸੀ, ਜੇਕਰ ਸ਼ਿਕਾਇਤ ਵਾਪਸ ਨਾ ਲਈ ਤਾਂ ਜਾਨੋਂ ਮਾਰ ਦਿੱਤਾ ਜਾਵੇਗਾ | ਸੰਨੀ ਗੁਜਰਾਲ ਨੇ ਦੋਸ਼ ਲਾਇਆ ਕਿ ਉਕਤ ਅਣਪਛਾਤੇ ਵਿਅਕਤੀਆਂ ਨਾਲ ਉਸ ਦਾ ਲੈਣ-ਦੇਣ ਜਾਂ ਰੰਜਿਸ਼ ਨਹੀਂ ਹੈ, ਉਲਟਾ ਉਹ ਉਸ ਨੂੰ ਛੱਡਣ ਬਦਲੇ 10 ਲੱਖ ਰੁਪਏ ਦੀ ਮੰਗ ਕਰ ਰਹੇ ਸਨ | ਜਦੋਂ ਸੰਨੀ ਨੂੰ ਦਸੂਹਾ ਦੇ ਕਿਸੇ ਵਿਅਕਤੀ ਨੂੰ ਰਕਮ ਵਾਪਸ ਦੇਣ ਦੇ ਮਾਮਲੇ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਜਿਹੜੇ ਵਿਅਕਤੀਆਂ ਨੇ ਉਸ ਕੋਲੋਂ ਰਕਮ ਵਾਪਸ ਲੈਣੀ ਹੈ, ਉਨ੍ਹਾਂ 'ਚੋਂ ਕੋਈ ਵੀ ਨਾਲ ਨਹੀਂ ਸੀ | ਉਸ ਨੇ ਦੱਸਿਆ ਕਿ ਬਾਹਰ ਭੇਜਣ ਲਈ 32 ਲੱਖ ਰੁਪਏ ਲਏ ਸਨ, ਜਿਨ੍ਹਾਂ 'ਚੋਂ 25 ਲੱਖ ਰੁਪਏ ਵਾਪਸ ਦੇ ਦਿੱਤੇ ਸਨ | ਸੰਨੀ ਗੁਜਰਾਲ ਨੇ ਕਿਹਾ ਕਿ ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਨੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ |