ਚੁਗਿੱਟੀ/ਜੰਡੂਸਿੰਘਾ, 23 ਮਈ (ਨਰਿੰਦਰ ਲਾਗੂ)-ਜਲੰਧਰ-ਹੁਸ਼ਿਆਰਪੁਰ ਮਾਰਗ 'ਤੇ ਸਥਿਤ ਦੋਸੜਕਾ ਚੌਕ ਜੰਡੂਸਿੰਘਾਂ ਵਿਖੇ ਸਥਾਨਕ ਲੋਕਾਂ ਵਲੋਂ ਪੁਲਿਸ ਤਾਇਨਾਤ ਕਰਨ ਦੀ ਮੰਗ ਉੱਚ ਪੁਲਿਸ ਅਧਿਕਾਰੀਆਂ ਤੋਂ ਕੀਤੀ ਗਈ ਹੈ | ਇਸ ਸੰਬੰਧੀ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਹਲਕਾ ਕਰਤਾਰਪੁਰ ਡਾ. ਪ੍ਰਤਾਪ ਸਿੰਘ ਨੇ ਦੱਸਿਆ ਕਿ ਉਕਤ ਚੌਕ ਵਿਚ ਹੁਣ ਤੱਕ ਕਈ ਖ਼ਤਰਨਾਕ ਹਾਦਸੇ ਹੋ ਚੁੱਕੇ ਹਨ | ਉਸ ਦੌਰਾਨ ਲੋਕਾਂ ਦੇ ਗੰਭੀਰਤ ਸੱਟਾਂ ਲੱਗੀਆਂ | ਉਨ੍ਹਾਂ ਕਿਹਾ ਕਿ ਉਕਤ ਮਾਰਗ ਹੁਸ਼ਿਆਰਪੁਰ ਤੇ ਹਿਮਾਚਲ ਪ੍ਰਦੇਸ਼ ਵੱਲ ਨੂੰ ਜਾਂਦਾ ਹੈ, ਜਿੱਥੇ ਕਿ ਸਥਿਤ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂ ਇਸੇ ਰਸਤੇ ਰਾਹੀਂ ਜਾਂਦੇ ਹਨ | ਉਨ੍ਹਾਂ ਆਖਿਆ ਕਿ ਉਕਤ ਚੌਕ ਵਿਚ ਪੁਲਿਸ ਤਾਇਨਾਤ ਨਾ ਹੋਣ ਕਾਰਨ ਕਈ ਵਾਰ ਵਾਹਨ ਚਾਲਕ ਬੜੀ ਤੇਜ਼ ਗਤੀ ਨਾਲ ਵਾਹਨ ਚਲਾਉਂਦੇ ਹੋਏ ਨਿਕਲਦੇ ਹਨ, ਜਿਨ੍ਹਾਂ ਦੀ ਲਾਪ੍ਰਵਾਹੀ ਹਾਦਸਿਆਂ ਦਾ ਕਾਰਨ ਬਣਦੀ ਹੈ | ਉਨ੍ਹਾਂ ਕਿਹਾ ਕਿ ਇਸ ਮਾਰਗ 'ਤੇ ਲਾਈਟਾਂ ਦਾ ਵੀ ਪੂਰਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਰਾਤ ਸਮੇਂ ਅਸਾਨੀ ਨਾਲ ਆਵਾਜਾਈ ਹੋ ਸਕੇ | ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਵੀ ਉਕਤ ਮਾਰਗ 'ਤੇ ਇਕ ਹਾਦਸਾ ਹੋ ਗਿਆ ਸੀ | ਉਨ੍ਹਾਂ ਕਿਹਾ ਕਿ ਜੰਡੂਸਿੰਘਾ ਮਾਰਕੀਟ ਵਿਚ ਲੋਕਾਂ ਦੀ ਭੀੜ ਲੱਗੀ ਰਹਿਣ ਕਾਰਨ ਉੱਥੇ ਵੀ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ | ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਪੁਲਿਸ ਮਹਿਕਮੇ ਵਲੋਂ ਉਕਤ ਚੌਕ ਵਿਚ ਪੁਲਿਸ ਤਾਇਨਾਤ ਕਰਨ ਸੰਬੰਧੀ ਗੰਭੀਰਤਾ ਵਰਤੀ ਜਾਣੀ ਚਾਹੀਦੀ ਹੈ | ਇਸ ਮੌਕੇ ਉਨ੍ਹਾਂ ਨਾਲ ਨਰੇਸ਼ ਜੱਗੀ, ਕੁਲਵਿੰਦਰ ਪੰਚ, ਜੰਗ ਬਹਾਦਰ ਜੰਗੀ, ਜੈਜੀ, ਹਿੰਦਾ, ਜੱਸੀ, ਅਮਰਜੀਤ ਤੇ ਸਹੋਤਾ ਆਦਿ ਹਾਜ਼ਰ ਸਨ |