ਜਲੰਧਰ, 23 ਮਈ (ਐੱਮ. ਐੱਸ. ਲੋਹੀਆ)-ਪੰਥ ਦੀ ਚੜ੍ਹਦੀਕਲਾ ਲਈ ਏਕਤਾ ਜਰੂਰੀ ਹੈ, ਕਿਉਂਕਿ ਵੱਖ-ਵੱਖ ਧੜ੍ਹੇ ਹੋਣ ਕਰਨ ਸਿੱਖ ਕੌਮ ਰਾਜਸੀ, ਸਿਆਸੀ ਅਤੇ ਸਮਾਜਿਕ ਪੱਧਰ 'ਤੇ ਕਮਜ਼ੋਰ ਹੋ ਰਹੀ ਹੈ | ਇਸ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ ਅਤੇ ਗੁਰਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਵੱਖ-ਵੱਖ ਪੰਥਕ ਪਾਰਟੀਆਂ ਆਪਣੀ ਹਉਮੈ ਤਿਆਗ ਕੇ ਇਕ ਪਲੇਟ ਫਾਰਮ ਤੇ ਇਕੱਠੇ ਹੋਣ | ਉਨ੍ਹਾਂ ਕਿਹਾ ਕਿ ਪੰਜਾਬ 'ਚ ਇਸ ਵੇਲੇ ਪੰਥ ਵਿਰੋਧੀ ਸ਼ਕਤੀਆਂ ਦਾ ਬੋਲਬਾਲਾ ਹੈ, ਜਿਸ ਕਰਕੇ ਆਏ ਦਿਨ ਪੰਥਕ ਪਰੰਪਰਾਵਾਂ 'ਤੇ ਹਮਲੇ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਦੂਸਰੇ ਸੂਬਿਆਂ ਤੋਂ ਰੋਟੀ ਕਮਾਉਣ ਲਈ ਆਏ ਪਰਵਾਸੀ ਵੀ ਹੁਣ ਪੰਜਾਬੀਆਂ 'ਤੇ ਹਾਵੀ ਹੋ ਰਹੇ ਹਨ | ਆਗੂਆਂ ਨੇ ਕਿਹਾ ਕਿ ਆਪਸੀ ਏਕਾ ਨਾ ਹੋਣ ਕਰਕੇ ਹੀ ਸਾਡੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਪਿੱਛਲੇ 30-35 ਸਾਲਾਂ ਤੋਂ ਜੇਲ੍ਹਾਂ 'ਚ ਰੁਲ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਦਾ ਮੁੱਖ ਕਾਰਨ ਵੱਖ-ਵੱਖ ਸਿੱਖ ਜਥੇਬੰਦੀਆਂ ਕੌਮ ਦਾ ਦਰਦ ਤਾਂ ਰੱਖਦੀਆਂ ਹਨ, ਪਰ ਵੱਖ-ਵੱਖ ਧੜ੍ਹੇ ਹੋਣ ਕਾਰਨ ਅਸੀਂ ਵਿਰੋਧੀਆਂ ਸਾਹਮਣੇ ਕਮਜ਼ੋਰ ਪੈ ਜਾਂਦੇ ਹਾਂ ਅਤੇ ਸਾਡੀ ਅਵਾਜ਼ ਸੁਣੀ ਹੀ ਨਹੀਂ ਜਾਂਦੀ | ਆਗੂਆਂ ਨੇ ਕਿਹਾ ਕਿ ਆਪਸੀ ਵਖ਼ਰੇਵੇਂ ਮਤਭੇਦ ਗਿਲੇ-ਸ਼ਿਕਵੇ ਤਿਆਗ ਕੇ ਸਾਰੀਆਂ ਪੰਥਕ ਸੋਚ ਵਾਲੀਆਂ ਪਾਰਟੀਆਂ ਜੇਕਰ ਏਕਤਾ ਕਰਨ ਅਤੇ ਸਾਂਝੇ ਪਲੇਟ ਫਾਰਮ ਤੇ ਚੋਣਾਂ ਲੜਨ ਤਾਂ ਕੋਈ ਵੀ ਪੰਥ ਦੀ ਚੜ੍ਹਦੀਕਲਾ ਨੂੰ ਢਾਹ ਨਹੀਂ ਲਗਾ ਸਕਦਾ | ਆਗੂਆਂ ਨੇ ਕਿਹਾ ਕਿ ਪੰਥਕ ਏਕਤਾ ਸਮੇਂ ਦੀ ਲੋੜ ਹੈ | ਇਸ ਮੌਕੇ ਅਰਵਿੰਦਰ ਪਾਲ ਸਿੰਘ ਬਬਲੂ, ਪ੍ਰੀਤਮ ਸਿੰਘ, ਬੰਟੀ ਰਾਠੌਰ ਅਤੇ ਸਿਮਰਜੀਤ ਸਿੰਘ ਸਤਨਾਮੀਆਂ ਹਾਜ਼ਰ ਸਨ |