ਜਲੰਧਰ, 24 ਮਈ (ਸ਼ਿਵ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਲੰਧਰ (ਸ਼ਹਿਰੀ) ਦੇ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਅਗਵਾਈ ਹੇਠ 6 ਜੂਨ ਸ਼ਨੀਵਾਰ ਅਤੇ 7 ਜੂਨ ਐਤਵਾਰ ਨੂੰ ਹੋਣ ਵਾਲੇ ਪੰਡਿਤ ਦੀਨਦਯਾਲ ਉਪਾਧਿਆਏ ਸਿਖਲਾਈ ਕੈਂਪ ਦੀਆਂ ਤਿਆਰੀਆਂ ਸਬੰਧੀ ਇੱਕ ਮਹੱਤਵਪੂਰਨ ਮੀਟਿੰਗ ਸਥਾਨਕ ਭਾਜਪਾ ਦਫ਼ਤਰ, ਸਰਕੁਲਰ ਰੋਡ, ਸ਼ੀਤਲਾ ਮਾਤਾ ਮੰਦਰ ਨੇੜੇ ਆਯੋਜਿਤ ਕੀਤੀ ਗਈ | ਇਹ ਸਿਖਲਾਈ ਕੈਂਪ ਭਾਜਪਾ ਜਲੰਧਰ (ਸ਼ਹਿਰੀ) ਵੱਲੋਂ ਕਰਵਾਇਆ ਜਾ ਰਿਹਾ ਹੈ | ਮੀਟਿੰਗ ਵਿੱਚ ਜ਼ਿਲ੍ਹਾ ਅਹੁਦੇਦਾਰਾਂ, ਮੰਡਲ ਪ੍ਰਧਾਨਾਂ ਅਤੇ ਸੀਨੀਅਰ ਵਰਕਰਾਂ ਨੇ ਭਾਗ ਲਿਆ | ਇਸ ਦੌਰਾਨ ਸਿਖਲਾਈ ਕੈਂਪ ਨੂੰ ਸਫਲ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਵੱਖ-ਵੱਖ ਜ਼ਿੰਮੇਵਾਰੀਆਂ ਜ਼ਿਲ੍ਹਾ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਸੌਂਪੀਆਂ ਗਈਆਂ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਆਪਣੇ ਵਰਕਰਾਂ ਦੇ ਵਿਚਾਰਧਾਰਕ ਅਤੇ ਸੰਗਠਨਾਤਮਕ ਵਿਕਾਸ ਲਈ ਸਮੇਂ-ਸਮੇਂ 'ਤੇ ਸਿਖਲਾਈ ਕੈਂਪ ਲਗਾਉਦੀ ਰਹਿੰਦੀ ਹੈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਦੇਸ਼ ਸੰਗਠਨ ਮਹਾਮੰਤਰੀ ਮੰਥਰੀ ਸ੍ਰੀਨਿਵਾਸੁਲੂ ਨੇ ਕਿਹਾ ਕਿ ਪੰਜਾਬ ਦੇ ਲੋਕ ਭਾਜਪਾ ਨੂੰ ਬਿਹਤਰ ਭਵਿੱਖ, ਸੁਰੱਖਿਆ ਅਤੇ ਵਿਕਾਸ ਦੇ ਮਜ਼ਬੂਤ ਵਿਕਲਪ ਵਜੋਂ ਦੇਖ ਰਹੇ ਹਨ | ਮੰਥਰੀ ਸ੍ਰੀਨਿਵਾਸੁਲੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਲਗਾਤਾਰ ਤਰੱਕੀ ਕਰ ਰਿਹਾ ਹੈ ਅਤੇ ਪੰਜਾਬ ਦੇ ਲੋਕ ਵੀ ਹੁਣ ਵਿਕਾਸ, ਰੋਜ਼ਗਾਰ, ਉਦਯੋਗ, ਬਿਹਤਰ ਕਾਨੂੰਨ-ਵਿਵਸਥਾ ਅਤੇ ਪਾਰਦਰਸ਼ੀ ਪ੍ਰਸ਼ਾਸਨ ਲਈ ਭਾਜਪਾ ਨਾਲ ਜੁੜ ਰਹੇ ਹਨ | ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਅਸ਼ੋਕ ਸਰੀਨ ਹਿੱਕੀ, ਦਵਿੰਦਰ ਭਾਰਦਵਾਜ, ਮਨੀਸ਼ ਵਿਜ, ਰਮਨ ਪੱਬੀ, ਸੁਭਾਸ਼ ਸੂਦ, ਰਵੀ ਮਹਿੰਦਰੂ, ਅਮਰਜੀਤ ਸਿੰਘ ਗੋਲਡੀ, ਅਮਿਤ ਭਾਟੀਆ, ਸ਼ਾਮ ਸ਼ਰਮਾ, ਅਸ਼ਵਨੀ ਭੰਡਾਰੀ, ਕੰਵਰ ਸਰਤਾਜ ਸਿੰਘ ਕੌਂਸਲਰ, ਐਡਵੋਕੇਟ ਡਿੰਪੀ ਲੁਭਾਣਾ ਤੇ ਹੋਰ ਲੋਕ ਵੀ ਵੱਡੇ ਗਿਣਤੀ ਵਿੱਚ ਹਾਜ਼ਰ ਸਨ |