ਜਲੰਧਰ, 24 ਮਈ (ਸ਼ਿਵ)- ਵਾਰਡ ਨੰ. 35 ਦੀ ਕੌਂਸਲਰ ਅਤੇ ਨਗਰ ਨਿਗਮ ਦੀਆਂ 4 ਐਡਹਾਕ ਕਮੇਟੀਆਂ ਦੀ ਮੈਂਬਰ ਹਰਸ਼ਰਨ ਕੌਰ ਹੈਪੀ ਤੇ ਉਨ੍ਹਾਂ ਦੇ ਪਤੀ ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ ਵੱਲੋਂ ਮੇਅਰ ਵਨੀਤ ਧੀਰ ਨਾਲ ਮੁਲਾਕਾਤ ਕੀਤੀ ਗਈ | ਹੈਪੀ ਤੇ ਭਾਪਾ ਨੇ ਮੇਅਰ ਤੋਂ ਮੰਗ ਕੀਤੀ ਕਿ ਮੈਂਬਰੋ ਚੌਕ ਤੋਂ ਟੀ ਪੁਆਇੰਟ ਤੱਕ ਟੁੱਟੀ ਸੜਕ ਨੂੰ ਬਣਾਉਣ ਦਾ ਕੰਮ ਕਾਫ਼ੀ ਸਮੇਂ ਤੋਂ ਲਟਕਿਆ ਪਿਆ ਹੈ | ਇਸ ਸੜਕ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ | ਕੌਂਸਲਰ ਹੈਪੀ ਨੇ ਕਿਹਾ ਕਿ ਬਰਸਾਤ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ | ਇਸ ਲਈ ਮੀਂਹ ਆਉਣ ਤੋਂ ਪਹਿਲਾਂ ਪਹਿਲਾਂ ਹਰ ਵਾਰਡ ਵਿਚ ਸੁਪਰ ਸੈਕਸ਼ਨ ਮਸ਼ੀਨਾਂ ਰਾਹੀਂ ਸੀਵਰਾਂ ਦੀ ਮੁਕੰਮਲ ਸਫ਼ਾਈ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਬਰਸਾਤ ਦੇ ਦਿਨਾਂ ਵਿਚ ਗੰਦੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ | ਇਸ ਦੌਰਾਨ ਉਨ੍ਹਾਂ ਨੇ ਮੇਅਰ ਦੇ ਧਿਆਨ ਵਿਚ ਲਿਆਂਦਾ ਕਿ ਸ਼ਾਮ ਢਲਦਿਆਂ ਹੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਸਟਰੀਟ ਲਾਈਟਾਂ ਨਾ ਚੱਲਣ ਕਾਰਨ ਹਨੇਰਾ ਛਾ ਜਾਂਦਾ ਹੈ ਅਤੇ ਸਟਰੀਟ ਲਾਈਟਾਂ ਦੀ ਹਮੇਸ਼ਾ ਲੋੜ ਬਣੀ ਰਹਿੰਦੀ ਹੈ | ਇਸ ਲਈ ਸ਼ਹਿਰ ਦੇ ਸਾਰ ਵਾਰਡਾਂ ਵਿਚ ਨਗਰ ਨਿਗਮ ਵੱਲੋਂ ਹਰ ਕੌਂਸਲਰ ਨੂੰ ਘੱਟੋ-ਘੱਟ 100 ਸਟਰੀਟ ਲਾਈਟਾਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਜਿਸ ਇਲਾਕੇ ਵਿਚ ਹਨੇਰਾ ਛਾਇਆ ਹੋਵੇ, ਉੱਥੇ ਲੋੜ ਮੁਤਾਬਿਕ ਕੌਂਸਲਰ ਵੱਲੋਂ ਸਟਰੀਟ ਲਾਈਟ ਲਗਵਾਈ ਜਾ ਸਕੇ | ਹੈਪੀ ਤੇ ਭਾਪਾ ਨੇ ਦੱਸਿਆ ਕਿ ਮੇਅਰ ਵਨੀਤ ਧੀਰ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਇਕ ਹਫ਼ਤੇ ਦੇ ਅੰਦਰ- ਅੰਦਰ ਇਹ ਸੜਕ ਵਧੀਆ ਤਰੀਕੇ ਨਾਲ ਬਣਾ ਦਿੱਤੀ ਜਾਵੇਗੀ | ਉਨ੍ਹਾਂ ਇਹ ਭਰੋਸਾ ਦਿੱਤਾ ਕਿ ਰੱਖੀਆਂ ਗਈਆਂ ਮੰਗਾਂ ਅਤੇ ਦਿੱਤੇ ਗਏ ਸੁਝਾਵਾਂ 'ਤੇ ਵੀ ਗ਼ੌਰ ਕਰਦਿਆਂ ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ |