ਚੁਗਿੱਟੀ/ਜੰਡੂਸਿੰਘਾ, 24 ਮਈ (ਨਰਿੰਦਰ ਲਾਗੂ)-ਸਥਾਨਕ ਲੰਮਾ ਪਿੰਡ 'ਚ ਸਥਿਤ ਸੀਨੀਅਰ ਅਕਾਲੀ ਆਗੂ ਜਸਵਿੰਦਰ ਸਿੰਘ ਜੱਸਾ ਦੇ ਗ੍ਰਹਿ ਵਿਖੇ ਪਹੁੰਚੇ ਬੀਬੀ ਜਗੀਰ ਕੌਰ ਕੌਮੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਇਸਤਰੀ ਵਿੰਗ ਪੰਜਾਬ, ਦਾ ਇਲਾਕਾ ਵਸਨੀਕਾਂ ਵਲੋਂ ਭਰਵਾਂ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਸਿਰੋਪਾਓ ਸਾਹਿਬ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਬੀਬੀ ਜਗੀਰ ਕੌਰ ਨੇ ਆਖਿਆ ਕਿ ਅਜੋਕੇ ਸਮੇਂ 'ਚ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਸੂਬੇ ਨੂੰ ਬਚਾਉਣ ਲਈ ਸਾਰੇ ਵਰਗਾਂ ਦੀਆਂ ਮਹਿਲਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਉਕਤ ਪਾਰਟੀ 'ਚ ਸ਼ਾਮਿਲ ਹੋ ਰਹੀਆਂ ਮਹਿਲਾਵਾਂ ਨੂੰ ਪੂਰਾ ਸਤਿਕਾਰ ਦਿੱਤਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਵਿਸ਼ੇਸ਼ ਅਹੁਦੇਦਾਰੀਆਂ ਦੇ ਕੇ ਖ਼ਾਲਸਾ ਪੰਥ ਦੀ ਮਜ਼ਬੂਤੀ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ | ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਪ੍ਰਤੀ ਰੋਸ ਜ਼ਾਹਿਰ ਕਰਦਿਆਂ ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵਲੋਂ ਪੰਜਾਬ ਨੂੰ ਲਗਾਤਾਰ ਕਰਜ਼ੇ ਦੇ ਭਾਰ ਥੱਲੇ ਨੱਪਿਆ ਜਾ ਰਿਹਾ ਹੈ, ਜਿਸ ਕਾਰਨ ਸੂਬਾ ਆਰਥਿਕ ਪੱਖੋਂ ਕਮਜ਼ੋਰ ਹੋ ਰਿਹਾ ਹੈ | ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜਲੰਧਰ ਸ਼ਹਿਰੀ ਦੇ ਪ੍ਰਧਾਨ ਅਮਰਜੀਤ ਸਿੰਘ ਕਿਸ਼ਨਪੁਰਾ ਤੇ ਸਰਗਰਮ ਨੌਜਵਾਨ ਆਗੂ ਜਸਵਿੰਦਰ ਸਿੰਘ ਜੱਸਾ ਨੇ ਬੀਬੀ ਜਗੀਰ ਕੌਰ ਤੇ ਪਾਰਟੀ ਦੇ ਤਮਾਮ ਸੀਨੀਅਰ ਆਗੂਆਂ ਨੂੰ ਭਰੋਸਾ ਦੁਆਉਂਦਿਆਂ ਕਿਹਾ ਕਿ ਉਹ ਜਲੰਧਰ 'ਚ ਪਾਰਟੀ ਦੀਆਂ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਪੂਰੀ ਸੰਜੀਦਗੀ ਤੇ ਦਿ੍ੜ੍ਹਤਾ ਨਾਲ ਕੰਮ ਕਰ ਰਹੇ ਹਨ | ਆਸ ਹੈ ਕਿ ਅਗਾਮੀ 2027 ਦੀਆਂ ਚੋਣਾਂ 'ਚ ਉਕਤ ਪਾਰਟੀ ਇਕ ਮਜ਼ਬੂਤ ਪਾਰਟੀ ਵਜੋਂ ਉੱਭਰ ਕੇ ਸਾਹਮਣੇ ਆਵੇਗੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਮਿੰਦਰ ਸਿੰਘ, ਕਾਬਲ ਸਿੰਘ, ਸ਼ਿੰਗਾਰਾ ਸਿੰਘ, ਹਰਪ੍ਰੀਤ ਸਿੰਘ, ਲੱਕੀ, ਰਾਜੂ, ਅਜੀਤ ਸਿੰਘ, ਸਤਨਾਮ ਸਿੰਘ, ਚਰਨਜੀਤ ਸਿੰਘ ਬਿੱਟਾ, ਜਸਵਿੰਦਰ ਸਿੰਘ ਕਾਕਾ, ਸੋਹਣ ਸਿੰਘ, ਅਵਤਾਰ ਸਿੰਘ, ਇੰਦਰ ਸਿੰਘ, ਬਲਵਿੰਦਰ ਕੌਰ, ਸਿਮਰਨ, ਹਰਮਨ, ਹਰਭਜਨ ਸਿੰਘ ਤੇ ਹਰਵਿੰਦਰ ਸਿੰਘ ਸਮੇਤ ਕਈ ਹੋਰ ਪਾਰਟੀ ਵਰਕਰ ਤੇ ਇਲਾਕਾ ਵਸਨੀਕ ਹਾਜ਼ਰ ਸਨ |