ਚੁਗਿੱਟੀ, 24 ਮਈ (ਲਾਗੂ)-ਅੱਜ ਸਥਾਨਕ ਗੁਰੂ ਗੋਬਿੰਦ ਸਿੰਘ ਐਵੇਨਿਊ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਇਕ ਅਹਿਮ ਬੈਠਕ ਹੋਈ, ਜਿਸ ਵਿਚ ਅਗਰਵਾਲ ਸਮਾਜ ਦੇ ਕੁੱਝ ਲੋਕਾਂ ਵੱਲੋਂ ਗੁਰੂ ਗੋਬਿੰਦ ਸਿੰਘ ਮਾਰਗ ਸਬੰਧੀ ਅਖਬਾਰਾਂ ਵਿਚ ਪ੍ਰਕਾਸ਼ਿਤ ਗੁੰਮਰਾਹਕੁੰਨ ਬਿਆਨਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਇਨਾਂ ਬਿਆਨਾਂ ਕਾਰਨ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ ਅਤੇ ਸੰਗਤਾਂ ਨੇ ਵੱਡੀ ਗਿਣਤੀ ਵਿਚ ਰੋਸ ਪ੍ਰਗਟਾਇਆ ਹੈ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਵੱਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ ਇਸ ਨਾਲ ਆਪਸੀ ਭਾਈਚਾਰਕ ਸਾਂਝ ਨੂੰ ਵੀ ਖਤਰਾ ਪੈਦਾ ਹੋਇਆ ਹੈ | ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਅਗਰਵਾਲ ਸਮਾਜ ਦੇ ਕੁੱਝ ਅਨਸਰਾਂ ਵੱਲੋਂ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਮੇਅਰ ਨਗਰ ਨਿਗਮ ਜਲੰਧਰ, ਸਿੱਖ ਪੰਥ ਦੀਆਂ ਨੁਮਾਇੰਦਾ ਜਥੇਬੰਦੀਆਂ ਸ਼੍ਰੋੱਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਨਿਹੰਗ ਸਿੰਘ ਜਥੇਬੰਦੀਆਂ, ਸਿੱਖ ਤਾਲਮੇਲ ਕਮੇਟੀ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਅਤੇ ਪੁਲਿਸ ਕਮਿਸ਼ਨਰ ਜਲੰਧਰ ਨੂੰ ਬੇਨਤੀ ਪੱਤਰ ਦਿੱਤੇ ਜਾਣਗੇ ਕਿ ਅਜਿਹੇ ਗੁੰਮਰਾਹਕੁੰਨ ਪ੍ਰਚਾਰ ਅਤੇ ਸ਼ਰਾਰਤੀ ਕਾਰਵਾਈਆਂ ਨਾਲ ਜਿਥੇ ਸਿੱਖ ਪੰਥ ਦੀਆਂ ਭਾਵਨਾਵਾਂ ਭੜਕ ਸਕਦੀਆਂ ਹਨ, ਉਥੇ ਸ਼ਹਿਰ ਦਾ ਮਾਹੌਲ ਵੀ ਤਣਾਅਪੂਰਨ ਬਣ ਸਕਦਾ ਹੈ | ਇਸੇ ਸਬੰਧ ਵਿਚ ਹੀ ਅੱਜ ਗੁਰਦੁਆਰਾ ਕਮੇਟੀ ਦਾ ਇਕ ਵਫਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮਿਲਿਆ ਅਤੇ ਉਨਾਂ ਨੂੰ ਸਾਰੇ ਮਾਮਲੇ ਸਬੰਧੀ ਜਾਣੂੰ ਕਰਵਾਇਆ ਗਿਆ | ਇਸ ਤੋਂ ਇਲਾਵਾ ਵਫਦ ਨੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨਾਲ ਵੀ ਮੁਲਾਕਾਤ ਕੀਤੀ ਅਤੇ ਮੰਨਣ ਨੇ ਵਫਦ ਨੂੰ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ | ਇਸ ਸਬੰਧੀ ਵਫਦ ਨੇ ਸ਼ਹਿਰ ਦੀਆਂ ਪ੍ਰਮੁੱਖ ਧਾਰਮਿਕ ਸੰਸਥਾਵਾਂ ਦੇ ਮੁੱਖੀਆਂ ਨਾਲ ਮੁਲਾਕਾਤਾਂ ਕੀਤੀਆਂ, ਜਿਨਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣ ਦਾ ਵਾਅਦਾ ਕੀਤਾ | ਅੱਜ ਵਫਦ ਵਿਚ ਪ੍ਰਧਾਨ ਹਰਜਿੰਦਰ ਸਿੰਘ ਦੀ ਅਗਵਾਈ ਵਿਚ ਖਜ਼ਾਨਚੀ ਤਲਵਿੰਦਰ ਸਿੰਘ, ਸਕੱਤਰ ਇਕਬਾਲ ਸਿੰਘ, ਲਖਵੀਰ ਸਿੰਘ, ਐਡਵੋਕੇਟ ਸਵਰਨ ਸਿੰਘ, ਕੁਲਦੀਪ ਸਿੰਘ, ਕਰਮਜੀਤ ਸਿੰਘ, ਤਿ੍ਲੋਚਨ ਸਿੰਘ, ਗੁਰਨਾਮ ਸਿੰਘ, ਜਸਜੀਤ ਸਿੰਘ, ਰਾਜਮਹਿੰਦਰ ਸਿੰਘ, ਜਸਪ੍ਰੀਤ ਸਿੰਘ ਸੈਣੀ, ਜੰਗ ਬਹਾਦਰ ਸਿੰਘ, ਗੁਰਵਿੰਦਰ ਸਿੰਘ ਬਿੱਟੂ, ਕੁਲਵਿੰਦਰ ਸਿੰਘ ਲੱਡੂ, ਗੁਰਦੇਵ ਸਿੰਘ ਠੇਕੇਦਾਰ, ਮਹਾਰਾਜਾ ਰਣਜੀਤ ਸਿੰਘ ਐਵੇਨਿਊ ਸੁਸਾਇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਅਜੈਬ ਆਦਿ ਸ਼ਾਮਿਲ ਸਨ |