ਚੁਗਿੱਟੀ/ਜੰਡੂਸਿੰਘਾ, 27 ਮਈ (ਨਰਿੰਦਰ ਲਾਗੂ)-ਬੀਤੀ ਦੇਰ ਰਾਤ ਥਾਣਾ ਰਾਮਾਮੰਡੀ ਅਧੀਨ ਆਉਂਦੇ ਸੁੱਚੀ ਪਿੰਡ ਦੇ ਖੇਤਰ 'ਚ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਕਾਰ 'ਚ ਸਵਾਰ ਇਕ ਲੜਕੇ ਨੂੰ ਘੇਰ ਕੇ ਗੋਲੀਆਂ ਮਾਰ ਕੇ ਜ਼ਖ਼ਮੀ ਕਰਨ ਦੇ ਮਾਮਲੇ 'ਚ ਪੁਲਿਸ ਵਲੋਂ ਪੀੜਤ ਨੌਜਵਾਨ ਦੇ ਪਿਤਾ ਵਲੋਂ ਦਰਜ ਕਰਵਾਏ ਗਏ ਬਿਆਨਾਂ 'ਤੇ ਕਾਰਵਾਈ ਕਰਦੇ ਹੋਏ 5 ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਐਸ. ਐਚ. ਓ. ਜਸਪਾਲ ਸਿੰਘ ਨੇ ਦੱਸਿਆ ਕਿ ਜ਼ਖ਼ਮੀ 18 ਸਾਲਾ ਲੜਕੇ ਅਨਮੋਲਦੀਪ ਸਿੰਘ ਦੇ ਪਿਤਾ ਤਲਵਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਬਾਬਾ ਗਦੀਲੇ ਸ਼ਾਹ ਕਾਲੋਨੀ, ਸੁੱਚੀ ਪਿੰਡ ਥਾਣਾ ਰਾਮਾਂਮੰਡੀ ਹਾਲ ਵਾਸੀ ਪਿੰਡ ਨਾਗਰਾ ਨੇੜੇ ਮਕਸੂਦਾਂ ਮੰਡੀ ਜਲੰਧਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਕਿ ਉਹ ਉਕਤ ਪਤੇ ਦਾ ਰਹਿਣ ਵਾਲਾ ਹੈ ਤੇ ਕਾਰ ਡੀਲਰ ਦਾ ਕੰਮ ਕਰਦਾ ਹੈ | ਉਸ ਦੇ 3 ਬੱਚੇ ਹਨ ਜਿਨ੍ਹਾਂ ਵਿਚੋਂ 2 ਲੜਕੇ ਜਿਨ੍ਹਾਂ ਵਿਚੋਂ ਵੱਡੇ ਲੜਕੇ ਦਾ ਨਾਂਅ ਯਾਦਵਿੰਦਰ ਸਿੰਘ ਉਮਰ ਕਰੀਬ 25 ਸਾਲ ਤੇ ਛੋਟੇ ਲੜਕੇ ਦਾ ਨਾਂਅ ਅਨਮੋਲਦੀਪ ਸਿੰਘ ਉਮਰ 18 ਸਾਲ ਹੈ | 26/27 ਮਈ 2026 ਦੀ ਦਰਮਿਆਨੀ ਰਾਤ ਵਕਤ ਕਰੀਬ 10.15 ਵਜੇ ਦੀ ਗੱਲ ਹੈ, ਮੈਂ ਆਪਣੇ ਘਰ ਵਿਚ ਮੌਜੂਦ ਸੀ, ਮੈਨੂੰ ਮੇਰੇ ਬੇਟੇ ਅਨਮੋਲਦੀਪ ਸਿੰਘ ਦੇ ਦੋਸਤ ਕਨੂੰ ਦਾ ਫੋਨ ਆਇਆ ਕਿ ਅਨਮੋਲਦੀਪ ਸਿੰਘ ਨੂੰ ਬਲਜੀਤ ਸਿੰਘ ਬੱਲੀ, ਬੱਬੂ, ਚੰਦਨ, ਮਨਿੰਦਰ ਉਰਫ਼ ਗੋਲੀ ਤੇ ਪਵਨ ਪੁੱਤਰ ਜੈ ਰਾਮ ਸਾਰੇ ਵਾਸੀਆਨ ਸੁੱਚੀ ਪਿੰਡ ਜਲੰਧਰ ਨੇ ਨਜ਼ਦੀਕ ਲਾਲੇ ਦੀ ਚੱਕੀ ਸੁੱਚੀ ਪਿੰਡ ਲਾਗੇ ਘੇਰ ਕੇ ਗੋਲੀਆਂ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਹੈ, ਜਿਸ ਨੂੰ ਉਹ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਵਿਖੇ ਲੈ ਕੇ ਜਾ ਰਹੇ ਹਾਂ, ਉਨ੍ਹਾਂ ਨੇ ਪੁਲਿਸ ਨੂੰ ਅੱਗੇ ਕਿਹਾ ਕਿ ਇਸ 'ਤੇ ਤੁਰੰਤ ਆਪਣੇ ਪਰਿਵਾਰਕ ਮੈਂਬਰਾਂ ਨਾਲ ਜਲੰਧਰ ਸਿਵਲ ਹਸਪਤਾਲ ਪੁੱਜਾ | ਜਦੋਂ ਉਹ ਐਮਰਜੈਂਸੀ ਵਾਰਡ ਸਿਵਲ ਹਸਪਤਾਲ ਵਿਖੇ ਆਪਣੇ ਬੇਟੇ ਨੂੰ ਮਿਲਿਆ ਤਾਂ ਉਸਦੇ ਬੇਟੇ ਨੇ ਉਸ ਨੂੰ ਦੱਸਿਆ ਕਿ ਉਹ ਆਪਣੀ ਕਾਰ ਨੰਬਰ ਪੀ. ਬੀ. 08-ਏ ਜ਼ੈੱਡ-1004 ਮਾਰਕਾ ਸਵਿਫਟ ਵਿਚ ਸਵਾਰ ਹੋ ਕੇ ਆਪਣੇ ਦੋਸਤ ਕਨੂੰ ਨੂੰ ਜਿੰਮ ਨਜ਼ਦੀਕ ਗਰੀਨ ਕਾਊਟੀ ਛੱਡ ਕੇ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਇਸੇ ਦੌਰਾਨ ਉਸਨੇ ਦੇਖਿਆ ਕਿ ਉਕਤ ਸਾਰੇ ਵਿਅਕਤੀ ਉਸ ਦਾ ਪਿੱਛਾ ਕਰ ਰਹੇ ਹਨ | ਜਿਸ ਦੀ ਇਤਲਾਹ ਉਸਦੇ ਬੇਟੇ ਨੇ ਆਪਣੇ ਦੋਸਤ ਕਨੂੰ ਨੂੰ ਦਿੱਤੀ ਤਾਂ ਉਸਦਾ ਦੋਸਤ ਕਨੂੰ ਮੋਟਰਸਾਈਕਲ 'ਤੇ ਸਵਾਰ ਹੋ ਕੇ ਵਾਪਸ ਆਇਆ ਜਿਸ ਨੇ ਦੱਸਿਆ ਕਿ ਜਦੋਂ ਉਹ ਨਜ਼ਦੀਕ ਲਾਲੇ ਦੀ ਚੱਕੀ ਸੁੱਚੀ ਪਿੰਡ ਲਾਗੇ ਪੁੱਜਾ ਤਾਂ ਮੇਰੇ ਬੇਟੇ ਦੀ ਕਾਰ ਖੰਭੇ ਵਿਚ ਵੱਜੀ ਹੋਈ ਖੜ੍ਹੀ ਸੀ ਤੇ ਉਸ ਨੂੰ ਗੋਲੀਆਂ ਲੱਗੀਆਂ ਸਨ ਜਿਸ ਤੋਂ ਬਾਅਦ ਮੇਰੇ ਬੇਟੇ ਦੇ ਦੋਸਤ ਕਨੂੰ ਨੇ ਉਸ ਦੀ ਗੱਡੀ ਵਿਚ ਸਿਵਲ ਹਸਪਤਾਲ ਇਲਾਜ ਲਈ ਲੈ ਕੇ ਗਏ | ਇਸ ਤੋਂ ਬਾਅਦ ਮੇਰੇ ਬੇਟੇ ਨੂੰ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਚ ਰੈਫਰ ਕਰ ਦਿੱਤਾ ਜਿਥੇ ਕਿ ਉਸਦਾ ਬੇਟੇ ਜ਼ੇਰੇ ਇਲਾਜ ਹੈ | ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਇਸ ਘਟਨਾ ਦੀ ਵਜ੍ਹਾ ਪੁਰਾਣੀ ਰੰਜਿਸ਼ ਹੈ | ਉਨ੍ਹਾਂ ਪੁਲਿਸ ਨੂੰ ਦੱਸਿਆ ਕਿ ਉਕਤ ਵਿਅਕਤੀਆਂ ਦਾ ਉਸ ਦੇ ਦੋਨਾਂ ਪੁੱਤਰਾਂ ਨਾਲ ਪੁਰਾਣਾ ਵਿਵਾਦ ਤੇ ਝਗੜਾ ਹੈ | ਉਸੇ ਰੰਜਿਸ਼ ਤਹਿਤ ਉਕਤ ਵਿਅਕਤੀਆਂ ਨੇ ਮੇਰੇ ਬੇਟੇ ਨੂੰ ਮਾਰ ਦੇਣ ਦੀ ਨੀਅਤ ਨਾਲ ਉਸਦੇ ਬੇਟੇ 'ਤੇ ਗੋਲੀਆਂ ਚਲਾ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕੀਤਾ ਗਿਆ ਹੈ | ਉਨ੍ਹਾਂ ਪੁਲਿਸ ਨੂੰ ਇਸ ਮਾਮਲੇ 'ਤੇ ਗੰਭੀਰਤਾ ਨਾਲ ਕਾਰਵਾਈ ਕਰਦੇ ਹੋਏ ਇਨਸਾਫ਼ ਦੁਆਉਣ ਦੀ ਗੁਹਾਰ ਲਗਾਈ ਹੈ | ਥਾਣਾ ਮੁਖੀ ਜਸਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਹਮਲਾਵਰਾਂ ਨੂੰ ਗਿ੍ਫ਼ਤਾਰ ਕਰਨ ਲਈ ਪੂਰੀ ਸੰਜੀਦਗੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ |