ਜਲੰਧਰ, 5 ਜੂਨ (ਜਸਪਾਲ ਸਿੰਘ)-ਜਲੰਧਰ ਛਾਉਣੀ ਹਲਕੇ ਦੇ ਦਰਜਨਾਂ ਪਿੰਡਾਂ ਦੇ ਲੋਕ ਕਰੀਬ ਇਕ ਸਾਲ ਭਰ ਤੋਂ ਟੁੱਟੀਆਂ ਸੜਕਾਂ ਨਾਲ ਜੂਝ ਰਹੇ ਹਨ | ਲੋਕ ਨਿਰਮਾਣ ਮਹਿਕਮੇ ਵਲੋਂ ਸੜਕਾਂ 'ਤੇ ਪੱਥਰ ਤਾਂ ਪਾ ਦਿੱਤੇ ਗਏ ਪਰ ਇਨ੍ਹਾਂ ਨੂੰ ਅਜੇ ਤੱਕ ਲੁੱਕ ਨਸੀਬ ਨਹੀਂ ਹੋਈ | ਜਿਸ ਕਾਰਨ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕੁੱਕੜ ਪਿੰਡ, ਬੰਬੀਆਂਵਾਲ, ਖੇੜਾ, ਜਮਸ਼ੇਰ, ਰਾਏਪੁਰ, ਫਰਾਲਾ, ਕੋਟ ਕਲਾਂ ਤੇ ਕੋਟ ਖੁਰਦ ਆਦਿ ਸਮੇਤ ਅਨੇਕਾਂ ਹੋਰ ਪਿੰਡਾਂ ਦੇ ਲੋਕਾਂ ਨੂੰ ਹਰ ਰੋਜ਼ ਇਨ੍ਹਾਂ ਪੱਥਰਾਂ ਦੇ ਉੱਪਰੋਂ ਦੀ ਲੰਘ ਕੇ ਸ਼ਹਿਰ-ਛਾਉਣੀ ਆਉਣਾ-ਜਾਣਾ ਪੈਂਦਾ ਹੈ | ਟਾਇਰਾਂ 'ਚ ਪੱਥਰ ਵੱਜ-ਵੱਜ ਕੇ ਗੱਡੀਆਂ ਤੇ ਟਾਇਰ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਹਨ ਤੇ ਪੱਥਰਾਂ ਉੱਪਰੋਂ ਦੀ ਤਿਲਕ ਕੇ ਕਈ ਵਾਹਨ ਚਾਲਕ ਸੱਟਾਂ ਵੀ ਲਗਵਾ ਚੁੱਕੇ ਹਨ ਪਰ ਮਹਿਕਮੇ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ | ਹਾਲਾਂਕਿ ਪਿਛਲੇ ਦਿਨੀਂ ਮਹਿਕਮੇ ਦੇ ਅਧਿਕਾਰੀਆਂ ਨੂੰ ਜਗਾਉਣ ਲਈ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਕਿਸਾਨ ਆਗੂ ਸੁਖਬੀਰ ਸਿੰਘ ਬੀਰ ਦੀ ਅਗਵਾਈ ਹੇਠ ਲੋਕ ਨਿਰਮਾਣ ਵਿਭਾਗ ਦੇ ਜਲੰਧਰ ਛਾਉਣੀ ਸਥਿਤ ਐਕਸੀਅਨ ਦੇ ਦਫਤਰ ਦੇ ਬਾਹਰ ਧਰਨਾ ਵੀ ਦਿੱਤਾ ਸੀ, ਜਿਸ ਵਿਚ ਹਲਕਾ ਵਿਧਾਇਕ ਪਰਗਟ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਜਲੰਧਰ ਛਾਉਣੀ ਦੇ ਇੰਚਾਰਜ ਹਰਜਾਪ ਸਿੰਘ ਸੰਘਾ ਸਮੇਤ ਵੱਖ-ਵੱਖ ਵਰਗਾਂ ਨਾਲ ਸੰਬੰਧਿਤ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ ਸੀ | ਇਸ ਮੌਕੇ ਅਧਿਕਾਰੀਆਂ ਨੇ ਧਰਨਾਕਾਰੀਆਂ ਨੂੰ ਬੀਤੀ 28 ਮਈ ਤੱਕ ਸੜਕਾਂ ਬਣਾਏ ਜਾਣ ਦਾ ਭਰੋਸਾ ਦਿੱਤਾ ਸੀ ਪਰ ਅਜੇ ਤੱਕ ਸੜਕਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ਇਨ੍ਹਾਂ ਪਿੰਡਾਂ ਦੇ ਲੋਕਾਂ ਅੰਦਰ ਮਹਿਕਮੇ ਦੇ ਖਿਲਾਫ ਸਖਤ ਰੋਸ ਅਤੇ ਗੁੱਸਾ ਪਾਇਆ ਜਾ ਰਿਹਾ ਹੈ | ਇੱਥੇ ਦੱਸਣਯੋਗ ਹੈ ਕਿ ਮਹਿਕਮੇ ਵਲੋਂ ਉਕਤ ਪਿੰਡਾਂ ਦੀਆਂ ਸੜਕਾਂ ਪਿਛਲੇ ਸਾਲ ਜੁਲਾਈ ਮਹੀਨੇ 'ਚ ਹੀ ਪੁੱਟ ਕੇ ਸੁੱਟ ਦਿੱਤੀਆਂ ਗਈਆਂ ਸਨ ਤੇ ਪੱਥਰ ਵੀ ਪਾ ਦਿੱਤੇ ਗਏ ਸਨ ਪਰ ਪਹਿਲਾਂ ਸਰਦੀ ਦਾ ਬਹਾਨਾ ਬਣਾ ਕੇ ਇਨ੍ਹਾਂ 'ਤੇ ਲੁੱਕ ਨਹੀਂ ਪਾਈ ਗਈ ਤੇ ਫਿਰ ਹੁਣ ਲੁੱਕ ਮਹਿੰਗੀ ਹੋਣ ਦਾ ਬਹਾਨਾ ਬਣਾ ਕੇ ਲਗਾਤਾਰ ਸੜਕਾਂ ਬਣਾਉਣ ਦਾ ਕੰਮ ਲਟਕਾਇਆ ਜਾ ਰਿਹਾ ਹੈ | ਓਧਰ ਚਰਚਾ ਹੈ ਕਿ ਇਹ ਸੜਕਾਂ ਸਿਆਸੀ ਆਗੂਆਂ ਦੀ ਆਪਸੀ ਖਹਿਬਾਜ਼ੀ ਦੀ ਭੇਟ ਚੜ੍ਹ ਗਈਆਂ ਹਨ ਤੇ ਕਿਹਾ ਜਾ ਰਿਹਾ ਹੈ ਕਿ ਪਿਛਲੇ ਦਿਨੀਂ ਕਿਸਾਨ ਆਗੂਆਂ ਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਵਲੋਂ ਮਹਿਕਮੇ ਦੇ ਖਿਲਾਫ ਧਰਨਾ ਦੇਣਾ ਸੱਤਾ ਧਿਰ ਦੇ ਆਗੂਆਂ ਨੂੰ ਪਸੰਦ ਨਹੀਂ ਆਇਆ | ਗੱਲ ਚਾਹੇ ਕੁੱਝ ਵੀ ਹੋਵੇ ਪਰ ਇਸ ਸਭ ਦਾ ਖਮਿਆਜ਼ਾ ਜਲੰਧਰ ਛਾਉਣੀ ਹਲਕੇ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ | ਇਸ ਸੰਬੰਧੀ ਗੱਲ ਕਰਦਿਆਂ ਕਿਸਾਨ ਆਗੂ ਸੁਖਬੀਰ ਸਿੰਘ ਕੁੱਕੜ ਪਿੰਡ ਨੇ ਕਿਹਾ ਕਿ ਜੇਕਰ ਮਹਿਕਮੇ ਵਲੋਂ ਇਨ੍ਹਾਂ ਸੜਕਾਂ 'ਤੇ ਜਲਦ ਲੁੱਕ ਨਾ ਪਾਈ ਗਈ ਤਾਂ ਇਲਾਕੇ ਦੇ ਲੋਕਾਂ ਨੂੰ ਲੈ ਕੇ ਵੱਡਾ ਸੰਘਰਸ਼ ਉਲੀਕਿਆ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਮਹਿਕਮੇ ਦੇ ਅਧਿਕਾਰੀਆਂ ਦੀ ਹੋਵੇਗੀ |