ਸ਼ਾਹਕੋਟ, 5 ਜੂਨ (ਸੁਖਦੀਪ ਸਿੰਘ)-ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਦਰਸ਼ਵੀਰ ਸਿੰਘ ਰਾਣਾ ਦੀ ਅਗਵਾਈ 'ਚ ਵਿੱਤ ਮੰਤਰੀ ਪੰਜਾਬ ਤੇ ਸਬ-ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ ਨਾਲ ਹੋਈ, ਜਿਸ ਵਿੱਚ ਜਲ ਸਪਲਾਈ ਵਿਭਾਗ ਤੋਂ ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਹੈਡ ਆਫਿਸ ਪਟਿਆਲਾ ਅਤੇ ਪ੍ਰਸੋਨਲ ਵਿਭਾਗ ਤੋਂ ਉੱਚ ਅਧਿਕਾਰੀ ਵੀ ਸ਼ਾਮਲ ਹੋਏ | ਮੀਟਿੰਗ 'ਚ ਜਥੇਬੰਦੀ ਦੇ ਆਗੂਆਂ ਨੇ ਹਰਪਾਲ ਸਿੰਘ ਚੀਮਾ ਨੂੰ ਦੱਸਿਆ ਕਿ ਜਲ ਸਪਲਾਈ ਵਿਭਾਗ 'ਚ ਇੰਨਲਿਸਟਮੈਂਟ ਕੈਟਾਗਰੀ ਰਹੀ ਲਗਭਗ 2800 ਵਰਕਰ ਪਿੱਛਲੇ 15-20 ਸਾਲਾਂ ਤੋ ਲਗਾਤਾਰ ਸੇਵਾਵਾਂ ਨਿਭਾਅ ਰਹੇ ਹਨ ਅਤੇ ਪੂਰੇ ਪੰਜਾਬ 'ਚ ਸਾਫ਼ ਪਾਣੀ ਘਰ-ਘਰ ਪਹੁੰਚਾ ਰਹੇ ਹਨ | ਪਰ ਜੋ ਐਕਟ ਪੰਜਾਬ ਸਰਕਾਰ ਵੱਲੋਂ ਠੇਕਾ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਸਰਕਾਰ ਨਾਲ ਸਿੱਧਾ ਕੰਟਰੈਕਟ ਕਰਕੇ ਵਿਭਾਗ 'ਚ ਸ਼ਾਮਲ ਕਰਨ ਦਾ ਆਰਡੀਨੈਂਸ ਕੈਬਨਿਟ ਵਿੱਚ ਪੇਸ਼ ਕੀਤਾ ਹੈ, ਉਸ ਵਿਚ ਜਲ ਸਪਲਾਈ ਵਿਭਾਗ ਦੇ ਇੰਨਲਿਸਟਮੈਂਟ ਕਾਮੇ ਐਕਟ ਵਿੱਚੋਂ ਬਾਹਰ ਰੱਖੇ ਗਏ ਹਨ, ਜਿਸ ਕਾਰਨ ਸੂਬੇ ਭਰ ਦੇ ਜਲ ਸਪਲਾਈ ਇੰਨਲਿਸਟਮੈਂਟ ਕਾਮਿਆਂ 'ਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ | ਇਸ ਉਪਰੰਤ ਸੂਬਾ ਕਮੇਟੀ ਨੇ ਐਲਾਨ ਕੀਤਾ ਕਿ ਜੇਕਰ ਵਰਕਰਾਂ ਨਾਲ ਧੋਖਾ ਹੋਇਆ ਤਾਂ ਜਥੇਬੰਦੀ ਆਰ-ਪਾਰ ਦਾ ਸੰਘਰਸ਼ ਉਲੀਕੇਗੀ ਅਤੇ 5 ਜੂਨ ਨੂੰ ਕੀਤਾ ਜਾਣ ਵਾਲਾ ਸੰਘਰਸ਼ ਫਿਲਹਾਲ ਮੁਲੱਤਵੀ ਕਰਦਿਆਂ 6 ਜੂਨ ਨੂੰ ਸੂਬਾ ਕਮੇਟੀ ਦੀ ਮੀਟਿੰਗ ਕਰਕੇ ਅਗਲੇ ਸੰਘਰਸ਼ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ ਅਤੇ ਸਰਕਾਰ ਨਾਲ ਹੋਈ ਗੱਲਬਾਤ ਦੀ ਜਾਣਕਾਰੀ ਸੂਬਾ ਤੇ ਜ਼ਿਲ੍ਹਾ ਕਮੇਟੀਆਂ ਨਾਲ ਸਾਂਝੀ ਕੀਤੀ ਜਾਵੇਗੀ | ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸ਼ੀਰਾ, ਸੂਬਾ ਜੁਆਇੰਟ ਸਕੱਤਰ ਸੁਖਵਿੰਦਰ ਸਿੰਘ ਖਰਲ, ਸੂਬਾ ਜੁਆਇੰਟ ਪ੍ਰੈੱਸ ਸਕੱਤਰ ਬਲਵੀਰ ਸਿੰਘ ਹਿਰਦਾਪੁਰ, ਸੂਬਾ ਮੀਤ ਪ੍ਰਧਾਨ ਜਰਨੈਲ ਸਿੰਘ ਨਲੀਨਾ, ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਫਤਿਹਗੜ੍ਹ, ਪ੍ਰਦੀਪ ਸਿੰਘ ਹੁਸ਼ਿਆਰਪੁਰ, ਨਿਰਭੈ ਸਿੰਘ ਫਤਿਹਗੜ੍ਹ ਸਾਹਿਬ ਆਦਿ ਹਾਜ਼ਰ ਸਨ |