05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਮੁਲਜ਼ਮਾਂ ਵਲੋਂ ਕੀਤੇ ਗਏ ਹਮਲੇ ਦੌਰਾਨ ਪੁਲਿਸ ਨੇ ਸਵੈ-ਰੱਖਿਆ ਲਈ ਚਲਾਈ ਸੀ ਗੋਲੀ-ਵਿਰਕ <br/>

Ad Position 21
repet_subhas-goyals [Copy P29]
ਅਜੀਤ ਡੈਸਕ 07-06-2026
ਜਲੰਧਰ, 6 ਜੂਨ (ਜਤਿੰਦਰ ਪੰਮੀ)-ਸ਼ੁੱਕਰਵਾਰ ਰਾਤ ਨੂੰ ਜ਼ਿਲ੍ਹਾ ਪੁਲਿਸ ਦਿਹਾਤੀ ਅਧੀਨ ਆਉਂਦੇ ਥਾਣਾ ਮਹਿਤਪੁਰ ਦੇ ਪਿੰਡ ਬੰਗੀਵਾਲ 'ਚ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਨੌਜਵਾਨ ਦੇ ਮਾਮਲੇ 'ਚ ਐੱਸ. ਐੱਸ. ਪੀ. ਦਿਹਾਤੀ ਨੇ ਖੁਲਾਸਾ ਕੀਤਾ ਹੈ ਕਿ ਮੁਲਜ਼ਮਾਂ ਵਲੋਂ ਰੇਡ ਮਾਰਨ ਗਈ ਪੁਲਿਸ ਪਾਰਟੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਗਏ ਹਮਲੇ ਤੋਂ ਸਵੈ-ਰੱਖਿਆ ਲਈ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਗੋਲੀ ਚਲਾਈ ਸੀ | ਪੁਲਿਸ ਵਲੋਂ ਚਲਾਈਆਂ ਗਈਆਂ ਦੋ ਗੋਲੀਆਂ ਨੌਜਵਾਨ ਦੀਆਂ ਲੱਤਾਂ 'ਚ ਲੱਗੀਆਂ ਸਨ, ਜਿਸ ਨੂੰ ਬਾਅਦ 'ਚ ਸਿਵਲ ਹਸਪਤਾਲ ਨਕੋਦਰ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ | ਉਕਤ ਮਾਮਲੇ ਸੰਬੰਧੀ ਐੱਸ. ਐੱਸ. ਪੀ. ਹਰਵਿੰਦਰ ਸਿੰਘ ਵਿਰਕ ਵਲੋਂ ਸ਼ਨਿਚਰਵਾਰ ਨੂੰ ਬੁਲਾਈ ਗਈ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਥਾਣਾ ਮਹਿਤਪੁਰ ਦੇ ਮੁਖੀ ਅਮਨ ਸੈਣੀ ਨੂੰ ਸੂਚਨਾ ਮਿਲੀ ਸੀ ਕਿ ਇਸ ਸਾਲ 5 ਜਨਵਰੀ ਨੂੰ ਦਰਜ ਹੋਏ ਮਾਮਲੇ ਦਾ ਭਗੌੜਾ ਮੁਲਜ਼ਮ ਲਵਪ੍ਰੀਤ ਸਿੰਘ ਉਰਫ ਲੱਭੀ ਪੁੱਤਰ ਪਿੱਪਲ ਸਿੰਘ ਵਾਸੀ ਬੰਗੀਵਾਲ ਆਪਣੇ ਘਰ ਨੇੜੇ ਮੌਜੂਦ ਹੈ | ਸੂਚਨਾ ਦੇ ਆਧਾਰ 'ਤੇ ਇੰਸਪੈਕਟਰ ਅਮਨ ਸੈਣੀ ਪੁਲਿਸ ਪਾਰਟੀ ਸਮੇਤ ਸ਼ੁੱਕਰਵਾਰ ਕਰੀਬ ਸ਼ਾਮ 7:30 ਵਜੇ ਦੋਸ਼ ਦੇ ਘਰ ਪਹੁੰਚੇ ਤਾਂ ਪੁਲਿਸ ਨੂੰ ਦੇਖ ਕੇ ਲਵਪ੍ਰੀਤ ਸਿੰਘ ਉਰਫ ਲੱਭਾ ਨੇ ਭੱਜਣ ਦੀ ਕੋਸ਼ਿਸ਼ ਕੀਤੀ | ਜਦੋਂ ਸੀਨੀਅਰ ਸਿਪਾਹੀ ਸੁਖਵਿੰਦਰ ਸਿੰਘ ਤੇ ਸਿਪਾਹੀ ਇੰਦਰਜੀਤ ਸਿੰਘ ਨੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਿਸ ਕਰਮਚਾਰੀਆਂ ਨਾਲ ਧੱਕਾ-ਮੁੱਕੀ ਤੇ ਹੱਥੋਪਾਈ ਕੀਤੀ | ਇਸੇ ਦੌਰਾਨ ਲਵਪ੍ਰੀਤ ਸਿੰਘ ਦੀ ਮਾਤਾ ਕੁਲਦੀਪ ਕੌਰ, ਭੈਣ ਗਗਨਦੀਪ ਕੌਰ ਉਰਫ ਗਗਨ ਅਤੇ ਹੋਰ ਕਈ ਵਿਅਕਤੀ ਮੌਕੇ 'ਤੇ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਮਾਰੂ ਹਥਿਆਰਾਂ ਨਾਲ ਪੁਲਿਸ ਪਾਰਟੀ 'ਤੇ ਹਮਲਾ ਕਰ ਦਿੱਤਾ | ਉਨ੍ਹਾਂ ਨੇ ਸੀਨੀਅਰ ਸਿਪਾਹੀ ਸੁਖਵਿੰਦਰ ਸਿੰਘ ਗੰਭੀਰ ਸੱਟਾਂ ਮਾਰਨ ਦੀ ਕੋਸ਼ਿਸ਼ ਕੀਤੀ | ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਦੌਰਾਨ ਭੀੜ ਵਿੱਚੋਂ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਗੋਲੀ ਵੀ ਚਲਾਈ ਗਈ | ਆਪਣੀ ਜਾਨ ਅਤੇ ਸਰਕਾਰੀ ਹਥਿਆਰ ਦੀ ਸੁਰੱਖਿਆ ਲਈ ਸੀਨੀਅਰ ਸਿਪਾਹੀ ਸੁਖਵਿੰਦਰ ਸਿੰਘ ਨੇ ਪਹਿਲਾਂ ਇੱਕ ਗੋਲੀ ਹਵਾ ਵਿੱਚ ਚਲਾਈ ਪਰ ਹਮਲਾਵਰ ਪਿੱਛੇ ਨਹੀਂ ਹਟੇ | ਹਾਲਾਤ ਹੋਰ ਗੰਭੀਰ ਹੋਣ ਤੇ ਲਵਪ੍ਰੀਤ ਸਿੰਘ ਵੱਲੋਂ ਸਰਕਾਰੀ ਹਥਿਆਰ ਖੋਹਣ ਦੀ ਕੋਸ਼ਿਸ਼ ਕਰਨ 'ਤੇ ਸਵੈ-ਰੱਖਿਆ ਅਤੇ ਪੁਲਿਸ ਕਰਮਚਾਰੀਆਂ ਦੀ ਸੁਰੱਖਿਆ ਲਈ ਜਵਾਬੀ ਕਾਰਵਾਈ ਵਿੱਚ ਦੋ ਗੋਲੀਆਂ ਚਲਾਈਆਂ ਗਈਆਂ, ਜੋ ਲਵਪ੍ਰੀਤ ਸਿੰਘ ਦੀ ਲੱਤ ਵਿੱਚ ਲੱਗੀਆਂ ਅਤੇ ਉਹ ਜ਼ਖ਼ਮੀ ਹੋ ਗਿਆ | ਐੱਸ. ਐੱਸ. ਪੀ. ਵਿਰਕ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਤੁਰੰਤ ਜ਼ਖਮੀ ਦੋਸ਼ੀ ਨੂੰ ਇਲਾਜ ਲਈ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਪਰਿਵਾਰਕ ਮੈਂਬਰਾਂ ਤੇ ਹੋਰ ਵਿਅਕਤੀਆਂ ਵਲੋਂ ਰੁਕਾਵਟ ਪਾਈ ਗਈ | ਬਾਅਦ ਵਿੱਚ ਪਿੰਡ ਦੇ ਮੋਹਤਬਰ ਵਿਅਕਤੀਆਂ ਦੀ ਮਦਦ ਨਾਲ ਜ਼ਖਮੀ ਨਕੋਦਰ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਅਤੇ ਜ਼ਖਮੀ ਪੁਲਿਸ ਕਰਮਚਾਰੀਆਂ ਨੂੰ ਵੀ ਇਲਾਜ ਲਈ ਦਾਖਲ ਕਰਵਾਇਆ ਗਿਆ | ਇਲਾਜ ਦੌਰਾਨ ਲਵਪ੍ਰੀਤ ਸਿੰਘ ਉਰਫ ਲੱਭੀ ਦੀ ਮੌਤ ਹੋ ਗਈ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਥਾਣਾ ਮਹਿਤਪੁਰ ਵਿਖੇ ਮੁਕੱਦਮਾ ਨੰਬਰ 123 ਮਿਤੀ 06.06.2026 ਅਧੀਨ ਧਾਰਾ 109, 121(1), 131, 132, 191(2), 191(3), 221, 224, 262, 263, 351(3) ਬੀਐੱਨਐੱਸ, 25/27-54-59 ਅਸਲਾ ਐਕਟ ਅਤੇ ਧਾਰਾ 63 ਪੰਜਾਬ ਪੁਲਿਸ ਐਕਟ 2007 ਤਹਿਤ ਕੁਲਦੀਪ ਕੌਰ ਪਤਨੀ ਪਿੱਪਲ ਸਿੰਘ, ਗਗਨਦੀਪ ਕੌਰ ਉਰਫ ਗਗਨ ਪੁੱਤਰੀ ਪਿੱਪਲ ਸਿੰਘ, ਲਵਪ੍ਰੀਤ ਸਿੰਘ ਉਰਫ ਲੱਭੀ ਪੁੱਤਰ ਪਿੱਪਲ ਸਿੰਘ ਅਤੇ ਚਾਰ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਹੈ | ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਵਿਨੀਤ ਆਹਲਾਵਤ ਐੱਸਪੀ (ਤਫਤੀਸ਼) ਦੀ ਨਿਗਰਾਨੀ ਹੇਠ ਕੀਤੀ ਜਾ ਰਹੀ ਹੈ | ਮਾਮਲੇ ਦੀ ਹਰ ਪੱਖ ਤੋਂ ਨਿਰਪੱਖ, ਪਾਰਦਰਸ਼ੀ ਅਤੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ | ਉਨ੍ਹਾਂ ਕਿਹਾ ਕਿ ਲਵਪ੍ਰੀਤ ਸਿੰਘ ਉਰਫ ਲੱਭਾ ਅਤੇ ਉਸ ਦੇ ਪਰਿਵਾਰ ਦੇ ਕਈ ਮੈਂਬਰ ਪਹਿਲਾਂ ਵੀ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ ਨਾਮਜ਼ਦ ਰਹੇ ਹਨ | ਮਿ੍ਤਕ ਦਾ ਪੋਸਟਮਾਰਟਮ ਡਾਕਟਰਾਂ ਦੇ ਤਿੰਨ ਮੈਂਬਰੀ ਬੋਰਡ ਵਲੋਂ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਆਗੂਆਂ ਵਲੋਂ ਸਹਿਗਲ ਪਰਿਵਾਰ ਨਾਲ ਦੁੱਖ ਪ੍ਰਗਟ ਅਗਲੀ ਖ਼ਬਰ ਵੋਟਰ ਮੈਪਿੰਗ ਲਈ ਜ਼ਿਲ੍ਹੇ ਦੇ ਸਾਰੇ ਪੋਲਿੰਗ ਬੂਥਾਂ 'ਤੇ ਅੱਜ ਲੱਗਣਗੇ ਵਿਸ਼ੇਸ਼ ਕੈਂਪ, ਉੱਚ ਅਧਿਕਾਰੀ ਕਰਨਗੇ ਅਚਨਚੇਤ ਚ...
Ad Position 24