ਜਲੰਧਰ, 7 ਜੂਨ (ਐੱਮ. ਐੱਸ. ਲੋਹੀਆ) - ਪਟਿਆਲਾ ਵਿਖੇ ਅਮਨਪੂਰਵਕ ਮੰਗ ਕਰ ਰਹੇ 2600 ਲਾਈਨਮੈਨਾਂ 'ਤੇ ਪੰਜਾਬ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਦੀ ਨਿੰਦਾ ਕਰਦੇ ਹੋਏ, ਸੈਂਟਰ ਆਫ਼ ਟਰੇਡ ਯੂਨੀਅਨਜ਼ (ਸੀ.ਟੀ.ਯੂ.) ਪੰਜਾਬ ਦੇ ਜਨਰਲ ਸਕੱਤਰ ਨੱਥਾ ਸਿੰਘ ਢਡਵਾਲ ਅਤੇ ਮੀਤ ਪ੍ਰਧਾਨ ਜਗਦੀਸ਼ ਚੰਦਰ ਲੁਧਿਆਣਾ ਨੇ ਕਿਹਾ ਕਿ ਇਸ ਨਾਲ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਦਾ ਲੋਕ ਵਿਰੋਧੀ ਕਿਰਦਾਰ ਦਿਨੋਂ-ਦਿਨ ਬੇਪਰਦਾ ਹੁੰਦਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਵਾਅਦੇ ਮੁਤਾਬਕ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ | ਆਗੂਆਂ ਨੇ ਕਿਹਾ ਕਿ ਸੇਵਾ ਕੇਂਦਰਾਂ 'ਚ 450 ਤੋਂ ਵੱਧ ਕਿਸਮ ਦੀਆਂ ਐਪਲੀਕੇਸ਼ਨਾਂ ਨੂੰ ਡੀਲ ਕਰਕੇ 10,500/- ਰੁਪਏ ਪ੍ਰਤੀ ਮਹੀਨਾ ਨਿਗੂਣੀ ਤਨਖਾਹ ਤੇ ਕੰਮ ਕਰਦੇ ਵਰਕਰ ਘੱਟੋ-ਘੱਟ ਉਜਰਤ 30,000/- ਰੁਪਏ 'ਤੇ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਮਾਲ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਸੁਨਾਮ ਸੰਗਰੂਰ ਧਰਨਾ ਦੇਣ ਲਈ ਉਲੀਕੇ ਪ੍ਰੋਗਰਾਮ ਅਨੁਸਾਰ ਜਾ ਰਹੇ ਸਨ, ਜਿਸ ਨੂੰ ਤਾਰਪੀਡੋ ਕਰਨ ਲਈ ਪੰਜਾਬ ਦੇ ਵਖੋ-ਵੱਖ ਕੋਨਿਆਂ 'ਚੋਂ ਪੁਲਿਸ ਵਲੋਂ ਵਰਕਰਾਂ ਨੂੰ ਚੁੱਕਿਆ ਗਿਆ, ਜਿਸ ਦੀ ਉਹ ਸਖ਼ਤ ਨਿਖੇਧੀ ਕਰਦੇ ਹਨ ਅਤੇ ਮੰਗ ਕਰਦੇ ਹਨ ਕਿ ਵਰਕਰਾਂ ਦੀਆਂ ਮੰਗਾਂ ਤਰੁੰਤ ਮੰਨੀਆਂ ਜਾਣ | ਆਗੂਆਂ ਨੇ ਕਿਹਾ ਕਿ ਇਕ ਪਾਸੇ ਮਾਨ ਸਰਕਾਰ ਕਰੋੜਾਂ ਰੁਪਏ ਖ਼ਰਚ ਕੇ ਪ੍ਰਚਾਰ ਕਰ ਰਹੀ ਹੈ, ਕਿ ਪੰਜਾਬ ਦੇ ਸਾਰੇ ਕੱਚੇ ਕਾਮਿਆਂ ਨੂੰ ਪੱਕਾ ਕਰ ਦਿੱਤਾ ਗਿਆ ਹੈ, ਜਦਕਿ ਪੱਕਿਆਂ ਦੀ ਨੋਟੀਫਿਕੇਸ਼ਨ ਦੇਣ ਦੀ ਬਜਾਏ ਵੱਖ-ਵੱਖ ਵਿਭਾਗਾਂ 'ਚ ਠੇਕੇ 'ਤੇ ਭਰਤੀ ਮੁਲਾਜ਼ਮ ਦੀਆਂ ਤਨਖ਼ਾਹਾਂ 'ਚ ਵਾਧੇ ਅਤੇ ਉਨ੍ਹਾਂ ਨੂੰ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਅਮਨ-ਅਮਾਨ ਨਾਲ ਕੀਤੇ ਜਾਂਦੇ ਰੋਸ ਪ੍ਰਦਰਸ਼ਨਾਂ ਨੂੰ ਡੰਡੇ ਦੇ ਜੋਰ 'ਤੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਆਗੂਆਂ ਨੇ ਕਿਹਾ ਕਿ ਜੇਕਰ ਮਾਨ ਸਰਕਾਰ ਦਾ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਨਾਲ ਇਹੀ ਵਤੀਰਾ ਜਾਰੀ ਰਿਹਾ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ |