ਜਲੰਧਰ, 8 ਜੂਨ (ਸ਼ਿਵ)-ਲਗਾਤਾਰ ਵਧ ਰਹੀ ਕਹਿਰ ਦੀ ਗਰਮੀ ਕਾਰਨ ਸ਼ਹਿਰ ਵਿਚ ਕਰਫ਼ਿਊ ਵਰਗੇ ਹਾਲਾਤ ਨਜ਼ਰ ਆਏ ਕਿਉਂਕਿ ਸੜਕਾਂ ਅਤੇ ਬਾਜ਼ਾਰ ਦੁਪਹਿਰ ਵੇਲੇ ਪੂਰੀ ਤਰਾਂ ਨਾਲ ਖ਼ਾਲੀ ਨਜ਼ਰ ਆਏ | ਕਹਿਰ ਦੀ ਗਰਮੀ ਨੇ ਜਨਜੀਵਨ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ | ਮੌਸਮ ਮਾਹਿਰਾਂ ਮੁਤਾਬਕ ਕੁੱਝ ਦਿਨ ਤੱਕ ਕਹਿਰ ਦੀ ਗਰਮੀ ਪੈਣ ਦੀ ਸੰਭਾਵਨਾ ਜ਼ਾਹਿਰ ਕੀਤੀ ਗਈ ਹੈ ਜਿਸ ਕਰਕੇ ਕਹਿਰ ਦੀ ਗਰਮੀ ਨੇ ਲੋਕਾਂ ਨੂੰ ਬੇਹਾਲ ਕਰ ਦਿੱਤਾ ਹੈ | ਅੱਜ ਸ਼ਹਿਰ ਵਿਚ 41 ਡਿਗਰੀ ਤੋਂ ਜ਼ਿਆਦਾ ਤਾਪਮਾਨ ਦਰਜ ਕੀਤਾ ਗਿਆ ਹੈ | ਸੜਕਾਂ 'ਤੇ ਬਾਅਦ ਦੁਪਹਿਰ ਤੋਂ ਹੀ ਖ਼ਾਲੀ ਨਜ਼ਰ ਆ ਰਹੀਆਂ ਸੀ ਸਗੋਂ ਸ਼ਹਿਰ ਦੇ ਛੋਟੇ ਤੋਂ ਲੈ ਕੇ ਵੱਡੇ ਬਾਜ਼ਾਰ ਦੁਪਹਿਰ ਵੇਲੇ ਪੂਰੀ ਤਰਾਂ ਨਾਲ ਖ਼ਾਲੀ ਨਜ਼ਰ ਆ ਰਹੇ ਸਨ | ਜੇਕਰ ਲੋਕ ਇਸ ਕਹਿਰ ਵਾਲੀ ਗਰਮੀ ਵਿਚ ਨਿਕਲ ਰਹੇ ਹਨ ਤਾਂ ਉਹ ਮੰੂਹ 'ਤੇ ਕੱਪੜਾ ਲੈ ਕੇ ਨਿਕਲਦੇ ਹਨ | ਉਂਝ ਸਿਹਤ ਵਿਭਾਗ ਵਲੋਂ ਵੀ ਪਹਿਲਾਂ ਹੀ ਲੋਕਾਂ ਨੂੰ ਆਗਾਹ ਕੀਤਾ ਹੈ ਕਿ ਉਹ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਤਾਂ ਬਾਹਰ ਨਿਕਲਣ ਤੋਂ ਬਚਣ ਤੇ ਜੇਕਰ ਉਹ ਬਾਹਰ ਨਿਕਲਦੇ ਹਨ ਤਾਂ ਉਹ ਬਚਾਅ ਉਪਾਅ ਕਰਕੇ ਹੀ ਬਾਹਰ ਨਿਕਲਣ ਤਾਂ ਜੋ ਉਹ ਭਾਰੀ ਗਰਮੀ ਦਾ ਸ਼ਿਕਾਰ ਨਾ ਹੋ ਜਾਣ | ਕਾਰੋਬਾਰੀਆਂ ਦਾ ਕਹਿਣਾ ਸੀ ਕਿ ਕਹਿਰ ਦੀ ਗਰਮੀ ਕਾਰਨ ਕਾਰੋਬਾਰ ਕਾਫੀ ਪ੍ਰਭਾਵਿਤ ਹੋ ਰਿਹਾ ਹੈ ਦਿਨ ਵੇਲੇ ਤਾਂ ਗਾਹਕ ਹੁਣ ਬਾਜ਼ਾਰਾਂ ਵਿਚ ਬਿਲਕੁਲ ਨਜ਼ਰ ਨਹੀਂ ਆਉਂਦੇ ਤੇ ਹੁਣ ਗਾਹਕ ਸ਼ਾਮ ਨੂੰ ਹੀ ਨਿਕਲਦੇ ਹਨ | ਮੌਸਮ ਵਿਭਾਗ ਵਲੋਂ ਆਉਣ ਵਾਲੇ ਤਿੰਨ ਦਿਨ ਤੱਕ ਕਹਿਰ ਦੀ ਗਰਮੀ ਪੈਣ ਦੀ ਸੰਭਾਵਨਾ ਜ਼ਾਹਿਰ ਕੀਤੀ ਗਈ ਹੈ ਪਰ ਦੂਜੇ ਪਾਸੇ ਮੌਸਮ ਵਿਭਾਗ ਵਲੋਂ 11 ਜੂਨ ਨੂੰ ਮੌਸਮ ਵਿਚ ਕੁੱਝ ਰਾਹਤ ਮਿਲਣ ਦੀ ਗੱਲ ਕਹੀ ਹੈ | ਲਗਾਤਾਰ ਵਧ ਰਹੀ ਗਰਮੀ ਕਾਰਨ ਬਿਜਲੀ ਦੀ ਮੰਗ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ | ਪਾਵਰਕਾਮ ਵਲੋਂ ਬਿਜਲੀ ਸਪਲਾਈ ਲਈ ਪੂਰੇ ਪ੍ਰਬੰਧ ਕੀਤੇ ਜਾ ਰਹੇ ਹਨ | ਉਂਝ ਪਿਛਲੇ ਸਾਲ ਨਾਲੋਂ ਇਸ ਬਾਰ ਬਿਜਲੀ ਦੀ ਮੰਗ ਵਿਚ ਇਸ ਕਰਕੇ ਵੀ ਵਾਧਾ ਹੋਇਆ ਹੈ ਕਿਉਂਕਿ ਹੁਣ ਕੂਲਰ ਦੀ ਜਗਾ 'ਤੇ ਜ਼ਿਆਦਾ ਏ. ਸੀ. ਲੱਗ ਰਹੇ ਹਨ | ਇਕ ਕੂਲਰ ਵਿਕਰੇਤਾ ਦਾ ਕਹਿਣਾ ਸੀ ਕਿ 2 ਸਾਲਾਂ ਤੋਂ ਕੂਲਰ ਦੀ ਵਿੱਕਰੀ ਵਿਚ ਕਮੀ ਆਈ ਹੈ ਜਦਕਿ ਏ.ਸੀ. ਦੀ ਮੰਗ ਵਿਚ ਵਾਧਾ ਹੋਇਆ ਹੈ | ਇਸ ਵੇਲੇ ਸਨਅਤੀ ਖੇਤਰ ਤੋਂ ਜ਼ਿਆਦਾ ਘਰੇਲੂ ਖੇਤਰ ਵਿਚ ਬਿਜਲੀ ਦੀ ਮੰਗ ਏ.ਸੀ. ਦੇ ਜ਼ਿਆਦਾ ਲੋਡ ਕਰਕੇ ਵਧ ਗਈ ਹੈ |