ਜਜੰਧਰ, 21 ਜੂਨ (ਜਸਪਾਲ ਸਿੰਘ)-ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਤੱਲ੍ਹਣ ਦੇ ਸ਼ਹੀਦੀ ਜੋੜ ਮੇਲੇ ਦੇ ਆਖਰੀ ਦਿਨ ਵੀ ਧਾਰਮਿਕ ਸਮਾਗਮ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਏ ਗਏ। ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਵਿਸ਼ਾਲ ਦੀਵਾਨ ਸਜਾਏ ਗਏ, ਜਿਨ੍ਹਾਂ ’ਚ ਪੰਥ ਦੇ ਪ੍ਰਸਿੱਧ ਢਾਡੀ ਜੱਥੇ ਭਾਈ ਗੁਰਭੇਜ ਸਿੰਘ ਢਵੀਡਾ, ਬੀਬੀ ਦਲੇਕ ਕੌਰ ਖਾਲਸਾ, ਭਾਈ ਗੁਰਭੇਜ ਸਿੰਘ ਜੌਹਲ ਤੇ ਭਾਈ ਗੁਰਮੀਤ ਸਿੰਘ ਦੇ ਜੱਥਿਆਂ ਨੇ ਜਿਥੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ, ਉੱਥੇ ਸੁਲੱਖਣ ਸਿੰਘ ਰਿਆੜ ਦੇ ਕਵੀਸ਼ਰੀ ਜੱਥੇ ਨੇ ਵੀ ਆਪਣੀ ਹਾਜ਼ਰੀ ਲਵਾਈ। ਇਸ ਮੌਕੇ ਮੰਚ ਦਾ ਸੰਚਾਲਨ ਪ੍ਰਸਿੱਧ ਸਿੱਖ ਵਿਦਵਾਨ ਸ. ਭਗਵਾਨ ਸਿੰਘ ਜੌਹਲ ਵਲੋਂ ਕੀਤਾ ਗਿਆ। ਇਸ ਤੋਂ ਪਹਿਲਾ ਸ਼ਨਿਚਰਵਾਰ ਨੂੰ ਕਰਵਾਏ ਗਏ ਕੀਰਤਨ ਦਰਬਾਰ ਦੌਰਾਨ ਮੰਚ ਦਾ ਸੰਚਾਲਨ ਉੱਘੇ ਪੰਥਕ ਬੁਲਾਰੇ ਸ. ਤੀਰਥ ਸਿੰਘ ਢਿੱਲੋਂ ਵਲੋਂ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਢਾਡੀ ਵਾਰਾਂ ਦਾ ਆਨੰਦ ਮਾਣਿਆ। ਇਸ ਸੰਬੰਧੀ ਜਾਣਕਾਰੀ ਦਿੰਦਆਂ ਗੁਰਦੁਆਰਾ ਸਾਹਿਬ ਦੇ ਰਸੀਵਰ-ਕਮ-ਤਹਿਸੀਲਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਵਰਜੀਤ ਵਾਲੀਆ ਦੀ ਦੇਖ-ਰੇਖ ਹੇਠ ਕਰਵਾਏ ਜਾ ਰਹੇ ਇਸ ਸ਼ਹੀਦੀ ਜੋੜ ਮੇਲੇ ’ਚ ਪੁੱਜੀਆਂ ਸੰਗਤਾਂ ਦੀ ਸਹੂਲਤ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਸਨ, ਤਾਂ ਜੋ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ’ਚ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਦੱਸਿਆ ਕਿ ਇਸ ਵਾਰ ਜਿੱਥੇ ਸੰਗਤਾਂ ਦੀ ਸਹੂਲਤ ਲਈ ਪਾਰਕਿੰਗ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ, ਉੱਥੇ ਲੰਗਰਾਂ ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਲਾਗਲੇ ਪਿੰਡਾਂ ਤੋਂ ਵੀ ਸੰਗਤਾਂ ਵਲੋਂ ਲੰਗਰਾਂ ਤੇ ਛਬੀਲਾਂ ਦੀ ਸੇਵਾ ਕੀਤੀ ਗਈ। ਇਸ ਮੌਕੇ ਸ਼ਹੀਦ ਬਾਬਾ ਨਿਹਾਲ ਸਿੰਘ ਚੈਰੀਟੇਬਲ ਹਸਪਤਾਲ ਵਲੋਂ ਇਕ ਖੂਨਦਾਨ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ’ਚ ਸੰਗਤਾਂ ਨੇ ਸਵੈ ਇਛਾ ਨਾਲ ਖੂਨਦਾਨ ਕਰਕੇ ਮਾਨਵਤਾ ਦੀ ਸੇਵਾ ’ਚ ਆਪਣਾ ਵੱਡਾ ਯੋਗਦਾਨ ਪਾਇਆ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੇਲੇ ਦੌਰਾਨ ਲਗਾਤਾਰ ਤਿੰਨ ਦਿਨ ਤੱਕ ਮੁਫਤ ਮੈਡੀਕਲ ਕੈਂਪ ਵੀ ਲਗਾਇਆ ਗਿਆ ਤੇ ਇਸ ਕੈਂਪ ਦੌਰਾਨ ਵੱਡੀ ਗਿਣਤੀ ’ਚ ਸੰਗਤਾਂ ਦੇ ਵੱਖ-ਵੱਖ ਬਿਮਾਰੀਆਂ ਸੰਬੰਧੀ ਟੈਸਟ ਮੁਫਤ ਕੀਤੇ ਗਏ ਤੇ ਲੋੜਵੰਦਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਦੌਰਾਨ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਜਿੱਥੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ, ਉੱਥੇ ਬਾਹਰ ਸਜੀਆਂ ਦੁਕਾਨਾਂ ਤੋਂ ਖਰੀਦਕਾਰੀ ਵੀ ਕੀਤੀ ਤੇ ਬੱਚਿਆਂ ਨੇ ਝੂਲਿਆਂ ਤੇ ਹੋਰਨਾਂ ਖੇਡਾਂ ਦਾ ਵੀ ਆਨੰਦ ਮਾਣਿਆ। ਇਸ ਮੌਕੇ ਜਿੱਥੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਸੰਗਤਾਂ ਨੇ ਸਮਾਗਮਾਂ ’ਚ ਸ਼ਾਮਿਲ ਹੋਈਆਂ, ਉੱਥੇ ਵੱਖ-ਵੱਖ ਰਾਜਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਵੀ ਗੁਰੂ ਘਰ ਮੱਥਾ ਟੇਕਿਆ। ਜਿਨ੍ਹਾਂ ’ਚ ਪ੍ਰਮੁੱਖ ਤੌਰ ’ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਪਰਮਜੀਤ ਸਿੰਘ ਰਾਏਪੁਰ, ਹਲਕਾ ਆਦਮਪੁਰ ਦੇ ਇੰਚਾਰਜ ਤੇ ਸਾਬਕਾ ਵਿਧਾਇਕ ਪਵਨ ਟੀਨੂੰ, ਦਵਿੰਦਰ ਸਿੰਘ ਬੁਢਿਆਣਾ, ਲਖਬੀਰ ਸਿੰਘ ਹਜ਼ਾਰਾ, ਮਨਜੀਤ ਸਿੰਘ ਜੌਲੀ, ਗੁਰਮੇਲ ਸਿੰਘ, ਹੁਸਨ ਲਾਲ ਸੁਮਨ ਆਦਿ ਵੀ ਸ਼ਾਮਿਲ ਸਨ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਰਸੀਵਰ ਗੁਰਪ੍ਰੀਤ ਸਿੰਘ ਤੇ ਮੈਨੇਜਰ ਬਲਜੀਤ ਸਿੰਘ ਵਲੋਂ ਢਾਡੀ ਜੱਥਿਆਂ ਤੇ ਹੋਰਨਾਂ ਪ੍ਰਮੁੱਖ ਸ਼ਖਸੀਅਤਾਂ ਨੂੰ ਵਿਸ਼ੇਸ਼ ਤੌਰ ’ਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਰਸੀਵਰ-ਕਮ-ਤਹਿਸੀਲਦਾਰ ਗੁਰਪ੍ਰੀਤ ਸਿੰਘ ਨੇ ਸ਼ਹੀਦੀ ਜੋੜ ਮੇਲੇ ਨੂੰ ਸਫਲ ਬਣਾਉਣ ਲਈ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ।