ਸ਼ਾਹਕੋਟ, 19 ਜੁਲਾਈ (ਦਲਜੀਤ ਸਿੰਘ ਸਚਦੇਵਾ)- ਸ਼ਾਹਕੋਟ ਹਲਕੇ ਦੀ ਸਿਆਸਤ ਵਿਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਦੀ ਕਾਰਗੁਜ਼ਾਰੀ ਅਤੇ ਉਨ੍ਹਾਂ ਦੇ ਵਧਦੇ ਸਿਆਸੀ ਕੱਦ ਦੀ ਚਰਚਾ ਜ਼ੋਰਾਂ ’ਤੇ ਹੈ। ਪਿਛਲੇ 2 ਸਾਲ ਤੇ 5 ਮਹੀਨਿਆਂ ਦੇ ਆਪਣੇ ਹਲਕਾ ਇੰਚਾਰਜ ਦੇ ਕਾਰਜਕਾਲ ਦੌਰਾਨ ਪੰਡੋਰੀ ਨੇ ਪਾਰਟੀ ਨੂੰ ਬੁਲੰਦੀਆਂ ’ਤੇ ਪਹੁੰਚਾਇਆ ਹੈ। ਪੰਡੋਰੀ ਦੀ ਸਿਆਸੀ ਸੂਝ-ਬੂਝ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੀ ਨਗਰ ਪੰਚਾਇਤ ਲੋਹੀਆਂ ਤੇ ਮਹਿਤਪੁਰ ਅਤੇ ਬਲਾਕ ਸੰਮਤੀ ਸ਼ਾਹਕੋਟ ਤੇ ਲੋਹੀਆਂ ’ਚ ਆਮ ਆਦਮੀ ਪਾਰਟੀ ਕਾਬਜ਼ ਹੋਈ ਹੈ। ਹਲਕੇ ਦੀਆਂ 170 ਪੰਚਾਇਤਾਂ ਦਾ ਸੱਤਾਧਾਰੀ ਪਾਰਟੀ ਨਾਲ ਸਬੰਧਿਤ ਹੋਣਾ, ਇਹ ਦਰਸਾਉਂਦਾ ਹੈ ਕਿ ਪੰਡੋਰੀ ਨੇ ਹਰ ਪਿੰਡ ਤੇ ਘਰ ਤੱਕ ਪਹੁੰਚ ਬਣਾਈ ਹੈ। ਪੰਡੋਰੀ ਸ਼ਾਹਕੋਟ ਹਲਕੇ ’ਚ ਆਪਣੀ ਸਾਫ਼-ਸੁਥਰੀ ਸਿਆਸਤ ਕਰ ਰਹੇ ਹਨ ਤੇ ਸਭ ਦਾ ਮਾਣ-ਸਤਿਕਾਰ ਵੀ ਕਰਦੇ ਹਨ। ਉਹ ਪਾਰਟੀ ਦੇ ਆਗੂਆਂ ਤੋਂ ਲੈ ਕੇ ਆਮ ਵਰਕਰ ਤੱਕ ਹਰ ਕਿਸੇ ਦੀ ਗੱਲ ਸੁਣਦੇ ਹਨ ਤੇ ਆਪਣੇ ਨਾਲ ਲੈ ਕੇ ਚੱਲਦੇ ਹਨ, ਜਿਸ ਨਾਲ ਵਰਕਰਾਂ ਵਿਚ ਉਤਸ਼ਾਹ ਬਣਿਆ ਰਹਿੰਦਾ ਹੈ। ਪਿਛਲੇ ਸਮੇਂ ਹੋਈਆਂ ਚੋਣਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਨਾ ਕਰਨਾ ਤੇ ਪੂਰੀ ਤਰ੍ਹਾਂ ਲੋਕਤੰਤਰਿਕ ਤਰੀਕੇ ਨਾਲ ਚੋਣਾਂ ਜਿੱਤਣਾ, ਉਨ੍ਹਾਂ ਦੇ ਉੱਚੇ ਕਿਰਦਾਰ ਨੂੰ ਦਰਸਾਉਂਦਾ ਹੈ। ਪੰਡੋਰੀ ਵਲੋਂ ਸ਼ਾਹਕੋਟ ਹਲਕੇ ਦੇ ਵਿਕਾਸ ਵਿਚ ਵੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾ ਰਹੀ। ਪਿੰਦਰ ਪੰਡੋਰੀ ਨੇ ਕਿਹਾ ਕਿ ਇਹ ਸਿਰਫ਼ ਉਨ੍ਹਾਂ ਦੀ ਇਕੱਲਿਆਂ ਦੀ ਮਿਹਨਤ ਨਹੀਂ ਹੈ, ਸਗੋਂ ਇਹ ਹਲਕੇ ਦੇ ਲੋਕਾਂ ਦੇ ਪਿਆਰ ਤੇ ਉਨ੍ਹਾਂ ਦੇ ਭਰੋਸੇ ਦਾ ਨਤੀਜਾ ਹੈ। ਲੋਕਾਂ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਉਨ੍ਹਾਂ ’ਤੇ ਜੋ ਵਿਸ਼ਵਾਸ ਪ੍ਰਗਟਾਇਆ ਹੈ, ਉਹ ਕਦੇ ਵੀ ਉਸ ਨੂੰ ਟੁੱਟਣ ਨਹੀਂ ਦੇਣਗੇ।