ਲੋਹੀਆਂ ਖਾਸ 31 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਫੁਲਵਾੜੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਲੋਹੀਆਂ ਖਾਸ ਵਿਖੇ ਐਨ.ਸੀ.ਸੀ. ਕੈਡਟਾਂ ਵੱਲੋਂ ਕਾਰਗਿਲ ਵਿਜੈ ਦਿਵਸ ਸਬੰਧੀ ਦੇਸ਼ ਦੇ ਵੀਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ| ਇਸ ਸਮਾਗਮ ਵਿੱਚ ਕੁੱਲ 40 ਐਨ.ਸੀ.ਸੀ. ਕੈਡਟਾਂ ਨੇ ਉਤਸ਼ਾਹ ਨਾਲ ਭਾਗ ਲਿਆ।ਸਮਾਗਮ ਦੀ ਸ਼ੁਰੂਆਤ ਕਾਰਗਿਲ ਯੁੱਧ ਦੇ ਵੀਰ ਜਵਾਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਕੀਤੀ ਗਈ| ਕੈਡਟਾਂ ਨੂੰ ਕਾਰਗਿਲ ਯੁੱਧ ਦੀ ਬਹਾਦਰੀ ਅਤੇ ਇਤਿਹਾਸ ਨਾਲ ਜਾਣੂ ਕਰਵਾਉਣ ਲਈ ਕਾਰਗਿਲ ਵਿਜੈ ਦਿਵਸ ’ਤੇ ਆਧਾਰਿਤ ਡਾਕੂਮੈਂਟਰੀ ਦਿਖਾਈ ਗਈ| ਇਸ ਮੌਕੇ ਕੈਡਟ ਮਨਿੰਦਰ ਕੌਰ ਨੇ ਕਾਰਗਿਲ ਵਿਜੈ ਦਿਵਸ ਦੇ ਮਹੱਤਵ ਅਤੇ ਭਾਰਤੀ ਸੈਨਿਕਾਂ ਦੀ ਬਹਾਦਰੀ ਬਾਰੇ ਪ੍ਰਭਾਵਸ਼ਾਲੀ ਭਾਸ਼ਣ ਪੇਸ਼ ਕੀਤਾ। ਇਸ ਤੋਂ ਬਾਅਦ ਕੈਡਟ ਬੰਤਾਪ ਕੌਰ ਨੇ ਕਾਰਗਿਲ ਯੁੱਧ ’ਤੇ ਆਧਾਰਿਤ ਦੇਸ਼ਭਗਤੀ ਭਰਪੂਰ ਕਵਿਤਾ ਸੁਣਾ ਕੇ ਸਾਰਿਆਂ ਨੂੰ ਭਾਵੁਕ ਕਰ ਦਿੱਤਾ| ਵਿਦਿਆਰਥੀਆਂ ਨੇ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਭਾਗ ਲੈ ਕੇ ਸ਼ਹੀਦਾਂ ਪ੍ਰਤੀ ਆਪਣਾ ਸਤਿਕਾਰ ਪ੍ਰਗਟਾਇਆ। ਇਸ ਤੋਂ ਇਲਾਵਾ ਵਾਤਾਵਰਣ ਸੰਭਾਲ ਅਤੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰਦਿਆਂ ਰੁੱਖ ਲਗਾਉਣ ਦੀ ਮੁਹਿੰਮ ਵੀ ਚਲਾਈ ਗਈ, ਜਿਸ ਵਿੱਚ ਕੈਡਟਾਂ ਨੇ ਪੌਦੇ ਲਗਾ ਕੇ ਵਾਤਾਵਰਣ ਦੀ ਰੱਖਿਆ ਦਾ ਸੰਦੇਸ਼ ਦਿੱਤਾ। ਇਸ ਮੌਕੇ ਸਕੂਲ ਪ੍ਰਬੰਧਕ, ਸਟਾਫ਼ ਅਤੇ ਵਿਦਿਆਰਥੀ ਵੀ ਹਾਜ਼ਰ ਸਨ|