ਪੀ. ਐੱਲ. ਆਰ. ਐਸ. ਮੁਲਾਜ਼ਮਾਂ ਨੇ ਕੀਤੀ ਕਲਮ ਛੋੜ ਹੜਤਾਲ, ਅੱਜ ਵੀ ਰਹੇਗੀ ਜਾਰੀ
ਜਲੰਧਰ, 8 ਸਤੰਬਰ (ਜਤਿੰਦਰ ਪੰਮੀ)-ਕੰਪਿਊਟਰਾਈਜ਼ਡ ਲੈਂਡ ਰਿਕਾਰਡਜ਼ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ (ਸੀ. ਐੱਲ.
ਜਲੰਧਰ, 8 ਸਤੰਬਰ (ਜਤਿੰਦਰ ਪੰਮੀ)-ਕੰਪਿਊਟਰਾਈਜ਼ਡ ਲੈਂਡ ਰਿਕਾਰਡਜ਼ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ (ਸੀ.ਐੱਲ.ਆਰ.ਈ.ਡਬਲਿਊ.ਏ.) ਵਲੋਂ ਮੀਟਿੰਗ ਦੌਰਾਨ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਮੰਗਲਵਾਰ ਨੂੰ ਫਿਰ ਜ਼ਿਲ੍ਹੇ ਦੇ ਸਾਰੇ ਫਰਦ ਕੇਂਦਰਾਂ ’ਤੇ ਕਲਮ ਛੋੜ ਹੜਤਾਲ ਕੀਤੀ ਗਈ। ਇਸ ਤੋਂ ਪਹਿਲਾਂ ਮੁਲਾਜ਼ਮਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਸੰਬੰਧੀ ਜ਼ਿਲ੍ਹਾ ਮਾਲ ਅਫ਼ਸਰ ਰਾਹੀਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਮੰਗਾਂ ਸੰਬੰਧੀ ਸਰਕਾਰ ਤੇ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਦੇ ਪ੍ਰਸ਼ਾਸਨ ਨਾਲ ਲਗਾਤਾਰ ਪੱਤਰ-ਵਿਹਾਰ ਅਤੇ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਹਨ ਪਰ ਅਜੇ ਤੱਕ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਮਿਲਿਆ। ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤੇ ਜਾਣ ਕਾਰਨ ਮੁਲਾਜ਼ਮਾਂ ਵਿੱਚ ਰੋਸ ਹੈ। ਐਸੋਸੀਏਸ਼ਨ ਦੀ ਕੋਰ ਕਮੇਟੀ ਦੇ ਫ਼ੈਸਲੇ ਅਨੁਸਾਰ ਜ਼ਿਲ੍ਹੇ ਵਿੱਚ ਮੁਕੰਮਲ ‘ਪੈਨ ਡਾਊਨ’ ਹੜਤਾਲ ਕੀਤੀ ਗਈ ਜੋ ਕਿ 9 ਸਤੰਬਰ ਨੂੰ ਵੀ ਜਾਰੀ ਰਹੇਗੀ। ਇਸ ਦੌਰਾਨ ਕੰਪਿਊਟਰ ਨਾਲ ਸਬੰਧਿਤ ਸਾਰਾ ਕੰਮ ਬੰਦ ਰੱਖਿਆ ਗਿਆ। 10 ਸਤੰਬਰ ਨੂੰ ਡਾਇਰੈਕਟਰ ਲੈਂਡ ਰਿਕਾਰਡ-ਕਮ-ਮੈਂਬਰ ਸਕੱਤਰ, ਪੰਜਾਬ ਲੈਂਡ ਰਿਕਾਰਡ ਸੁਸਾਇਟੀ ਦੇ ਦਫ਼ਤਰ ਵਿਖੇ ਸ਼ਾਂਤਮਈ ਧਰਨਾ ਦਿੱਤਾ ਜਾਵੇਗਾ, ਜਦਕਿ 11 ਸਤੰਬਰ ਨੂੰ ਮਾਲ ਮੰਤਰੀ ਪੰਜਾਬ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਹੈ। ਐਸੋਸੀਏਸ਼ਨ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਸਬੰਧੀ ਤੁਰੰਤ ਫ਼ੈਸਲਾ ਨਾ ਲਿਆ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ । ਇਸ ਮੌਕੇ ਪ੍ਰਤੀਕ ਸਿੰਘ ਬੇਦੀ, ਜੀਤ ਕੁੰਵਰ, ਸ਼ਿਵਰਾਜ ਸਿੰਘ, ਰਿੰਪਲ ਗੁਪਤਾ, ਸੰਦੀਪ ਵਰਮਾ, ਰਾਧਿਕਾ ਵਾਲੀਆ, ਹਰਮਿੰਦਰ ਕੌਰ ਅਤੇ ਨਿਸ਼ਾ ਸਮੇਤ ਹੋਰ ਮੈਂਬਰ ਹਾਜ਼ਰ ਸਨ।