‘ਕਥਾਵਾਚਕ’ ਨੂੰ ਹਾਸੇ ਦਾ ਪਾਤਰ ਬਣਾਉਣ ਵਾਲੇ ਚੰਦੂਮਾਜਰਾ ਨੂੰ ਅਕਾਲ ਤਖ਼ਤ ’ਤੇ ਕੀਤਾ ਜਾਵੇ ਤਲਬ-ਸਿੱਖ ਤਾਲਮੇਲ ਕਮੇਟੀ
ਜਲੰਧਰ, 10 ਨਵੰਬਰ (ਐੱਮ. ਐੱਸ.
ਜਲੰਧਰ, 10 ਨਵੰਬਰ (ਐੱਮ. ਐੱਸ. ਲੋਹੀਆ)-ਪੱਤਰਕਾਰ ਸੰਮੇਲਨ ਦੌਰਾਨ ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਬਤੌਰ ਕਥਾਵਾਚਕ ਹਾਸੇ ਦਾ ਇਕ ਪਾਤਰ ਬਣਾ ਕੇ ਗੱਲਬਾਤ ਕਰਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਨੇ ਇਸ ਨੂੰ ਕਥਾਵਾਚਕਾਂ ਦੀ ਬੇਅਦਬੀ ਦੱਸਦੇ ਹੋਏ ਚੰਦੂਮਾਜਰਾ ਨੂੰ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰਨ ਦੀ ਮੰਗ ਕੀਤੀ ਹੈ। ਕਮੇਟੀ ਦੇ ਆਗੂਆਂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਸਤਪਾਲ ਸਿੰਘ ਸਿਦਕੀ, ਗੁਰਵਿੰਦਰ ਸਿੰਘ ਸਿੱਧੂ, ਹਰਵਿੰਦਰ ਸਿੰਘ ਚਿਟਕਾਰਾ ਤੇ ਹਰਪ੍ਰੀਤ ਸਿੰਘ ਸੋਨੂੰ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਕਥਾ ਦਾ ਬੁਹਤ ਹੀ ਮਹਾਤਮ ਦੱਸਿਆ ਗਿਆ ਹੈ, ਸ੍ਰੀ ਸੁਖਮਨੀ ਸਾਹਿਬ ਅੰਦਰ ਵੀ ਹਰਿ ਕਿ ਕਥਾ ਨੂੰ ਉੱਤਮ ਦੱਸਿਆ ਗਿਆ ਹੈ। ਪਰ ਇਕ ਮੌਕਾਪ੍ਰਸਤ ਲੀਡਰ ਚੰਦੂਮਾਜਰਾ ਵਲੋਂ ਪੱਤਰਕਾਰ ਸੰਮੇਲਨ ’ਚ ‘ਕਥਾ’ ਸ਼ਬਦ ਤੇ ਕਥਾਵਾਚਕ ਦੇ ਤੌਰ ’ਤੇ ਗਿਆਨੀ ਹਰਪ੍ਰੀਤ ਸਿੰਘ (ਸਾਬਕਾ ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ) ਨੂੰ ਹਾਸੇ ਦਾ ਪਾਤਰ ਬਣਾਉਣਾ ਕਥਾਵਾਚਕਾਂ ਦੀ ਬੇਅਦਬੀ ਹੈ। ਆਗੂਆਂ ਨੇ ਕਿਹਾ ਕਿ ਸਿੱਖ ਤਾਲਮੇਲ ਕਮੇਟੀ ਦਾ ਕਿਸੇ ਵੀ ਪਾਰਟੀ ਨਾਲ ਕੋਈ ਸਬੰਧ ਨਹੀਂ, ਪਰ ਹਰ ਸਿੱਖ ਲਈ ਬਾਣੀ ਸਰਬਉੱਚ ਹੈ, ਜਿਸ ਦਾ ਕਿਸੇ ਵੀ ਵਿਅਕਤੀ ਨੂੰ ਇਹ ਅਧਿਕਾਰ ਨਹੀਂ ਕਿ ਉਹ ਸਿੱਖ ਕੌਮ ਦੀਆਂ ਉੱਚ ਪ੍ਰੰਪਰਾਵਾਂ ਦਾ ਮਜ਼ਾਕ ਉਡਾਏ। ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੋਂ ਮੰਗ ਕੀਤੀ ਹੈ, ਕਿ ਚੰਦੂਮਾਜਰਾ ਨੂੰ ਤੁਰੰਤ ਸ੍ਰੀ ਅਕਾਲ ਤਖ਼ਤ ’ਤੇ ਤਲਬ ਕੀਤਾ ਜਾਵੇ ਨਾਲ ਹੀ ਸੁਖਬੀਰ ਸਿੰਘ ਬਾਦਲ ਤੋਂ ਵੀ ਸਪੱਸ਼ਟੀਕਰਨ ਲਿਆ ਜਾਵੇ, ਕਿਉਂਕਿ ਉਹ ਵੀ 1ਚੰਦੂਮਾਜਰਾ ਦੀ ਇਸ ਹਰਕਤ ’ਤੇ ਹੱਸ ਰਿਹਾ ਸੀ।