ਸਵਾਈਨ ਫਲੂ ਦੇ 4 ਹੋਰ ਪਾਜ਼ੀਟਿਵ ਮਰੀਜ਼ ਆਏ ਸਾਹਮਣੇ, ਕੁੱਲ ਗਿਣਤੀ ਹੋਈ 21
ਜਲੰਧਰ, 16 ਸਤੰਬਰ (ਜਤਿੰਦਰ ਪੰਮੀ)-ਸਵਾਈਨ ਫਲੂ ਨੇ ਤਿੰਨ ਦਿਨਾਂ ਬਾਅਦ ਬੁੱਧਵਾਰ ਨੂੰ ਫਿਰ ਜ਼ਿਲ੍ਹੇ ’ਚ 4 ਵਿਅਕਤੀਆਂ ਨੂੰ ਆਪਣੀ ਲਪੇਟ ’ਚ ਲਿਆ ਹੈ। ਵੱਖ-ਵੱਖ ਲੈਬਾਂ ਤੋਂ ਆਈਆਂ ਸੈਂਪਲਾਂ ਦੀਆਂ ਰਿਪੋਰਟਾਂ ’ਚ ਜ਼ਿਲ੍ਹੇ ਦੇ ਚਾਰ ਮਰੀਜ਼ ਪਾਜ਼ੇਟਿਵ ਪਾਏ ਗਏ ਹਨ।
ਜਲੰਧਰ, 16 ਸਤੰਬਰ (ਜਤਿੰਦਰ ਪੰਮੀ)-ਸਵਾਈਨ ਫਲੂ ਨੇ ਤਿੰਨ ਦਿਨਾਂ ਬਾਅਦ ਬੁੱਧਵਾਰ ਨੂੰ ਫਿਰ ਜ਼ਿਲ੍ਹੇ ’ਚ 4 ਵਿਅਕਤੀਆਂ ਨੂੰ ਆਪਣੀ ਲਪੇਟ ’ਚ ਲਿਆ ਹੈ। ਵੱਖ-ਵੱਖ ਲੈਬਾਂ ਤੋਂ ਆਈਆਂ ਸੈਂਪਲਾਂ ਦੀਆਂ ਰਿਪੋਰਟਾਂ ’ਚ ਜ਼ਿਲ੍ਹੇ ਦੇ ਚਾਰ ਮਰੀਜ਼ ਪਾਜ਼ੇਟਿਵ ਪਾਏ ਗਏ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ’ਚ ਹੁਣ ਤੱਕ ਸਵਾਈਨ ਫਲੂ ਦੇ ਪਾਜ਼ੀਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 21 ਤੱਕ ਪੁੱਜ ਗਈ ਹੈ। ਬੁੱਧਵਾਰ ਨੂੰ ਜ਼ਿਨ੍ਹਾਂ ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਉਨ੍ਹਾਂ ਵਿਚ 1 ਪੁਰਸ਼ ਤੇ 3 ਮਹਿਲਾਵਾਂ ਸ਼ਾਮਲ ਹਨ। ਇਨ੍ਹਾਂ ਵਿਚ 58 ਸਾਲਾ ਪੁਰਸ਼ ਜੰਡੂਸਿੰਘਾ ਦਾ ਰਹਿਣ ਵਾਲਾ ਹੈ ਜਦੋਂਕਿ 60 ਸਾਲਾ ਔਰਤ ਜਲੰਧਰ, 50 ਸਾਲਾ ਔਰਤ ਢੰਨ ਮੁਹੱਲੇ ਅਤੇ 59 ਸਾਲਾ ਔਰਤ ਮਿੱਠੂ ਬਸਤੀ ਦੀ ਰਹਿਣ ਵਾਲੀ ਹੈ। ਇਨ੍ਹਾਂ ਵਿਚੋਂ ਇਕ ਮਰੀਜ਼ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੇ ਦੂਜਾ ਡੀ. ਐੱਮ. ਸੀ. ਲੁਧਿਆਣਾ ਵਿਖੇ ਦਾਖਲ ਹੈ ਜਦੋਂਕਿ ਦੋ ਮਰੀਜ਼ ਹੋਮ ਆਈਸੋਲੇਸ਼ਨ ਵਿੱਚ ਹਨ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਐਪੀਡਿਮਾਲੋਜਿਸਟ ਡਾ. ਸ਼ੋਭਨਾ ਬਾਂਸਲ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਸਵਾਈਨ ਫਲੂ ਦੇ ਸ਼ੱਕੀ 115 ਮਰੀਜ਼ਾਂ ਦੇ ਸੈਂਪਲਾਂ ਦੀ ਜਾਂਚ ਕਰਵਾਈ ਗਈ ਸੀ, ਜਿਨ੍ਹਾਂ ਵਿਚੋਂ 21 ਪਾਜ਼ੀਟਿਵ ਪਾਏ ਗਏ ਹਨ।