ਕਿਸਾਨਾਂ ਨੇ ਗੁਰਾਇਆ ਮੁੱਖ ਚੌਕ ’ਚ ਧਰਨਾ ਲਗਵਾਇਆ
ਚੇਅਰਮੈਨ ਦੇ ਨਾ ਆਉਣ ਕਾਰਨ ਕੀਤਾ ਬੰਦ ਰਾਸਤਾ
ਗੁਰਾਇਆ, 20 ਨਵੰਬਰ (ਚਰਨਜੀਤ ਸਿੰਘ ਦੁਸਾਂਝ)-ਅੱਜ ਭਾਰਤੀ ਕਿਸਾਨ ਯੂਨੀਅਨ ਦੋਆਬਾ ਤੇ ਇਲਾਕੇ ਦੇ ਕਿਸਾਨਾਂ ਵਲੋ ਝੋਨੇ ਦੀ ਖਰੀਦ ਬੰਦ ਪਈ ਕਾਰਨ ਸਥਾਨਕ ਮੁੱਖ ਚੌਕ ’ਚ ਧਰਨਾ ਲਗਾਇਆ। ਇਹ ਧਰਨਾ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਦੀ ਅਗਵਾਈ ’ਚ ਲਗਾਇਆ ਗਿਆ।
ਗੁਰਾਇਆ, 20 ਨਵੰਬਰ (ਚਰਨਜੀਤ ਸਿੰਘ ਦੁਸਾਂਝ)-ਅੱਜ ਭਾਰਤੀ ਕਿਸਾਨ ਯੂਨੀਅਨ ਦੋਆਬਾ ਤੇ ਇਲਾਕੇ ਦੇ ਕਿਸਾਨਾਂ ਵਲੋ ਝੋਨੇ ਦੀ ਖਰੀਦ ਬੰਦ ਪਈ ਕਾਰਨ ਸਥਾਨਕ ਮੁੱਖ ਚੌਕ ’ਚ ਧਰਨਾ ਲਗਾਇਆ। ਇਹ ਧਰਨਾ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਦੀ ਅਗਵਾਈ ’ਚ ਲਗਾਇਆ ਗਿਆ। ਇਸ ਦੌਰਾਨ ਵੱਖ-ਵੱਖ ਕਿਸਾਨ ਆਗੂਆ ਨੇ ਸੰਬੋਧਿਤ ਕਰਦੇ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਇਸ਼ਾਰਿਆ ’ਤੇ ਚੱਲ ਰਹੀ ਹੈ। ਇਲਾਕੇ ਦੇ ਕਿਸਾਨ 12 ਨਵੰਬਰ ਤੋਂ ਮੰਡੀਆਂ ’ਚ ਆਪਣੀ ਢੇਰੀ ਦੀ ਖਰੀਦ ਦੀ ਵਾਰੀ ਉਡੀਕ ਰਹੇ ਹਨ। ਇਸ ਤੋਂ ਇਲਾਵਾ ਕਿਸਾਨਾਂ ਨੂੰ ਖੇਤ ’ਚ ਰਹਿੰਦ-ਖੂਦ ਸਾੜਨ ’ਤੇ ਵੀ ਜੁਰਮਾਨੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਕਿਸਾਨਾਂ ਨੇ ਇਸ ਸਾਲ ਸੁਪਰ-ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਹੈ ਪਰ ਇਸ ਨਾਲ ਵੀ ਕਿਸਾਨਾਂ ’ਤੇ ਆਰਥਿਕ ਬੋਝ ਪਿਆ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਸੰਦਾਂ ’ਤੇ ਸਬਿਸਡੀ ਦੇ ਨਾਲ-ਨਾਲ ਝੋਨੇ ਦੀ ਫ਼ਸਲ ਤੇ ਪਰਾਲੀ ਦੀ ਸਾਂਭ ਸੰਭਾਲ ਲਈ ਬੋਨਸ ਦਿੱਤਾ ਜਾਵੇ। ਕਿਸਾਨਾਂ ਵਲੋ ਐਸ ਡੀ ਐਮ ਦੇ ਨਾਂਅ ’ਤੇ ਮੰਗ ਪੱਤਰ ਲੈਣ ਲਈ ਗੁਰਾਇਆ ਮਾਰਕਿਟ ਕਮੇਟੀ ਦੇ ਚੈਅਰਮੈਨ ਪ੍ਰਦੀਪ ਦੁੱਗਲ ਨੇ ਆਉਣਾ ਸੀ ਪਰ ਉਹ ਵਾਰ-ਵਾਰ ਆਪੀਲ ਕਰਨ ਦੇ ਬਾਵਜੂਦ ਨਹੀਂ ਆਏ। ਗੁੱਸੇ ’ਚ ਆਏ ਕਿਸਾਨਾਂ ਨੇ ਰੁੜਕਾ -ਬੜਾ ਪਿੰਡ ਸੜਕ ’ਤੇ ਜਾਮ ਲਗਾ ਦਿੱਤਾ ਤੇ ਚੈਅਰਮੈਨ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਉਪਰੰਤ ਚੈਅਰਮੈਨ ਪ੍ਰਦੀਪ ਦੁੱਗਲ ਨੇ ਆ ਕੇ ਮੰਗ ਪੱਤਰ ਲਿਆ ਤੇ ਦੇਰੀ ਲਈ ਮੁਆਫੀ਼ ਮੰਗੀ। ਉਨ੍ਹਾਂ ਜਲਦ ਹੀ ਉਨ੍ਹਾਂ ਅਧੀਨ ਆਉਂਦੀਆਂ ਮੰਡੀਆ ’ਚ ਖਰੀਦ ਸ਼ੁਰੂ ਕਰਨ ਦਾ ਵਾਅਦਾ ਕੀਤਾ। ਇਸ ਧਰਨੇ ’ਚ ਗੁਰਾਇਆ, ਫਿਲੌਰ, ਪ੍ਰਤਾਬਪੁਰਾ, ਦੁਸਾਂਝ ਕਲਾਂ, ਰੁੜਕਾ ਕਲਾਂ ਤੇ ਹੋਰ ਮੰਡੀਆ ਨਾਲ ਸਬੰਧਿਤ ਕਿਸਾਨਾਂ ਨੇ ਹਾਜ਼ਰੀ ਲਗਵਾਈ। ਇਸ ਮੌਕੇ ਰਣਜੀਤ ਸਿੰਘ ਖੇਲਾ, ਬਲਵਿੰਦਰ ਸਿੰਘ ਸਾਬੀ, ਹਰਮਿੰਦਰ ਸਿੰਘ ਰਾਣਾ, ਤੇਜਾ ਸਿੰਘ, ਨਵਦੀਪ ਸਿੰਘ, ਗੁਰਨਾਮ ਸਿੰਘ, ਰਸ਼ਪਾਲ ਸਿੰਘ ਸ਼ਾਦੀਪੁਰ, ਸੁਰਜੀਤ ਸਿੰਘ, ਪਵਨ ਕੁਮਾਰ, ਸਤੀਸ਼ ਬਤਰਾ ਆਦਿ ਕਿਸਾਨ ਹਾਜ਼ਰ ਸਨ।