ਮਕਸੂਦਾਂ ਮੰਡੀ ’ਚ ਫੜ੍ਹਾ ਨੂੰ ਲੈ ਕੇ ਵਿਵਾਦ
ਮਕਸੂਦਾਂ, 17 ਸਤੰਬਰ (ਸੌਰਵ ਮਹਿਤਾ)-ਨਵੀਂ ਮਕਸੂਦਾਂ ਸਬਜ਼ੀ ਮੰਡੀ ’ਚ ਫੜ੍ਹਾ ’ਤੇ ਬੋਰਡ ਲਗਾਉਣ ਨੂੰ ਲੈ ਕੇ ਅੱਜ ਕੁਝ ਆੜ੍ਹਤੀਆਂ ਵਿਚਾਲੇ ਤਕਰਾਰ ਹੋਈ। ਦੋਵਾਂ ਧਿਰਾਂ ਵਲੋਂ ਸਮਰਥਕਾਂ ਨੂੰ ਮੌਕੇ ’ਤੇ ਬੁਲਾਏ ਜਾਣ ਦੀ ਸੂਚਨਾ ਤੋਂ ਬਾਅਦ ਪੁਲਿਸ ਮੰਡੀ ’ਚ ਪਹੁੰਚੀ ਅਤੇ ਸਥਿਤੀ ਨੂੰ ਕਾਬੂ ਕੀਤਾ।
ਨ
ਨਵੀਂ ਮਕਸੂਦਾਂ ਸਬਜ਼ੀ ਮੰਡੀ ’ਚ ਫੜ੍ਹਾਂ ਦੇ ਵਿਵਾਦ ਨੂੰ ਲੈ ਕੇ ਦੇਰ ਰਾਤ ਇਕੱਠੇ ਹੋਏ ਆੜ੍ਹਤੀਆਂ ਦੇ ਸਮਰਥਕ। ਅਜੀਤ ਤਸਵੀਰ
18-09-2026
ਮਕਸੂਦਾਂ, 17 ਸਤੰਬਰ (ਸੌਰਵ ਮਹਿਤਾ)-ਨਵੀਂ ਮਕਸੂਦਾਂ ਸਬਜ਼ੀ ਮੰਡੀ ’ਚ ਫੜ੍ਹਾ ’ਤੇ ਬੋਰਡ ਲਗਾਉਣ ਨੂੰ ਲੈ ਕੇ ਅੱਜ ਕੁਝ ਆੜ੍ਹਤੀਆਂ ਵਿਚਾਲੇ ਤਕਰਾਰ ਹੋਈ। ਦੋਵਾਂ ਧਿਰਾਂ ਵਲੋਂ ਸਮਰਥਕਾਂ ਨੂੰ ਮੌਕੇ ’ਤੇ ਬੁਲਾਏ ਜਾਣ ਦੀ ਸੂਚਨਾ ਤੋਂ ਬਾਅਦ ਪੁਲਿਸ ਮੰਡੀ ’ਚ ਪਹੁੰਚੀ ਅਤੇ ਸਥਿਤੀ ਨੂੰ ਕਾਬੂ ਕੀਤਾ। ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ ਮੰਡੀ ’ਚ ਤਿਆਰ ਕੀਤੀਆਂ ਫੜ੍ਹਾਂ ’ਤੇ ਕੁਝ ਆੜ੍ਹਤੀਆਂ ਵਲੋਂ ਆਪਣੀਆਂ ਕੰਪਨੀਆਂ ਦੇ ਬੋਰਡ ਲਗਾਏ ਗਏ ਸਨ। ਇਸ ਤੋਂ ਬਾਅਦ ਹੋਰ ਆੜ੍ਹਤੀਆਂ ਨੇ ਵੀ ਉਨ੍ਹਾਂ ਥਾਵਾਂ ’ਤੇ ਆਪਣਾ ਹੱਕ ਜਤਾਉਂਦੇ ਹੋਏ ਬੋਰਡ ਲਗਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਮੰਡੀ ’ਚ ਲੋਕ ਇਕੱਠੇ ਹੋ ਗਏ। ਥਾਣਾ ਨੰਬਰ 1 ਦੇ ਮੁਖੀ ਰਾਕੇਸ਼ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਪੀ.ਸੀ.ਆਰ. ਦੀਆਂ ਟੀਮਾਂ ਵੀ ਉੱਥੇ ਤਾਇਨਾਤ ਕੀਤੀਆਂ ਗਈਆਂ। ਪੁਲਿਸ ਦੀ ਮੌਜੂਦਗੀ ਅਤੇ ਕੁਝ ਆੜ੍ਹਤੀਆਂ ਵਲੋਂ ਦਖ਼ਲ ਤੋਂ ਬਾਅਦ ਸਥਿਤੀ ਫਿਲਹਾਲ ਸ਼ਾਂਤ ਹੋ ਗਈ। ਇਸ ਦੌਰਾਨ ਮੋਨੂ ਪੁਰੀ ਅਤੇ ਗੋਲਡੀ ਖ਼ਾਲਸਾ ਨੇ ਦੋਵਾਂ ਧਿਰਾਂ ਨਾਲ ਗੱਲਬਾਤ ਕੀਤੀ ਅਤੇ ਮਾਮਲਾ ਆਪਸੀ ਪੱਧਰ ’ਤੇ ਸੁਲਝਾਉਣ ਦੀ ਅਪੀਲ ਕੀਤੀ। ਇਸ ਸੰਬੰਧੀ ਭਲਕੇ ਸਵੇਰੇ 10 ਵਜੇ ਮੀਟਿੰਗ ਰੱਖੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ। ਦੇਰ ਰਾਤ 28, 29 ਅਤੇ 30 ਨੰਬਰ ਦੁਕਾਨਾਂ ਦੇ ਬਾਹਰ ਕੁਝ ਲੋਕਾਂ ਦੇ ਇਕੱਠੇ ਹੋਣ ਦੀ ਵੀ ਸੂਚਨਾ ਮਿਲੀ। ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ, ਪਹਿਲਾਂ ਉਤਾਰੇ ਗਏ ਬੋਰਡ ਮੁੜ ਲਗਾਉਣ ਦੀ ਕੋਸ਼ਿਸ਼ ਦੌਰਾਨ ਤਕਰਾਰ ਹੋਈ ਅਤੇ ਕੁਝ ਲੋਕਾਂ ਵਿਚਕਾਰ ਗਾਲੀ-ਗਲੋਚ ਵੀ ਹੋਇਆ। ਇਸ ਸੰਬੰਧੀ ਪੁਲਿਸ ਵਲੋਂ ਕੋਈ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ। ਘਟਨਾ ਦੌਰਾਨ ਮੰਡੀ ਬੋਰਡ ਜਾਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੀ ਮੌਕੇ ‘ਤੇ ਮੌਜੂਦਗੀ ਬਾਰੇ ਵੀ ਚਰਚਾ ਰਹੀ। ਕੁਝ ਆੜ੍ਹਤੀਆਂ ਨੇ ਦੋਸ਼ ਲਾਇਆ ਕਿ ਫੜ੍ਹਾਂ ਨਾਲ ਸੰਬੰਧਿਤ ਵਿਵਾਦ ‘ਚ ਪ੍ਰਬੰਧਕੀ ਦਖ਼ਲ ਸਮੇਂ ਸਿਰ ਨਹੀਂ ਹੋਇਆ। ਇਨ੍ਹਾਂ ਦੋਸ਼ਾਂ ਦੀ ਸੁਤੰਤਰ ਪੁਸ਼ਟੀ ਨਹੀਂ ਹੋ ਸਕੀ। ਮਾਮਲੇ ਦੇ ਹੱਲ ਲਈ ਭਲਕੇ ਹੋਣ ਵਾਲੀ ਮੀਟਿੰਗ ਦੇ ਨਤੀਜੇ ਦੀ ਉਡੀਕ ਹੈ।