ਪਾਵਰਕਾਮ ਵਲੋਂ ਪੰਜ ਮੰਡਲ ਦਫ਼ਤਰਾਂ ’ਚ ਸੇਵਾ ਸੇਤੂ ਕੈਂਪ, ਲੋਕਾਂ ਨੇ ਸੋਲਰ ਕੁਨੈਕਸ਼ਨਾਂ ਲਈ ਦਿਖਾਈ ਦਿਲਚਸਪੀ
ਜਲੰਧਰ, 8 ਅਕਤੂਬਰ (ਸ਼ਿਵ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ (ਪੀ. ਐੱਸ.
ਜਲੰਧਰ, 8 ਅਕਤੂਬਰ (ਸ਼ਿਵ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ (ਪੀ.ਐੱਸ.ਪੀ.ਸੀ.ਐੱਲ.) ਵਲੋਂ ‘ਪੀ.ਐੱਮ. ਸੂਰਯ ਘਰ’ ਯੋਜਨਾ ਤਹਿਤ ਸੌਰ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਜਲੰਧਰ ਅਤੇ ਫਗਵਾੜਾ ਦੇ ਪੰਜ ਮੰਡਲ ਦਫ਼ਤਰਾਂ ਵਿਚ 7 ਤੋਂ 9 ਅਕਤੂਬਰ ਤੱਕ ‘ਸੇਵਾ ਸੇਤੂ ਕੈਂਪ’ ਲਗਾਏ ਜਾ ਰਹੇ ਹਨ। ਇਹ ਕੈਂਪ ਉਪ ਮੁੱਖ ਇੰਜੀਨੀਅਰ ਸੰਚਾਲਨ ਹਲਕਾ ਜਲੰਧਰ ਇੰਜੀਨੀਅਰ ਗੁਲਸ਼ਨ ਕੁਮਾਰ ਚੁਟਾਨੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਏ ਗਏ। ਇਹ ਕੈਂਪ ਪੂਰਬ ਮੰਡਲ ਜਲੰਧਰ, ਵੈਸਟ ਮੰਡਲ ਜਲੰਧਰ, ਮਾਡਲ ਟਾਊਨ ਮੰਡਲ ਜਲੰਧਰ, ਕੈਂਟ ਮੰਡਲ ਜਲੰਧਰ ਅਤੇ ਫਗਵਾੜਾ ਮੰਡਲ ਦਫ਼ਤਰਾਂ ਵਿਚ ਲਗਾਏ ਗਏ। ਕੈਂਪਾਂ ਵਿਚ ਆਮ ਲੋਕਾਂ, ਬਿਜਲੀ ਖਪਤਕਾਰਾਂ ਅਤੇ ਵੱਖ-ਵੱਖ ਸੋਲਰ ਕੰਪਨੀਆਂ ਦੇ ਵੈਂਡਰਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਕੈਂਪਾਂ ਦੌਰਾਨ ਪੀ.ਐੱਸ.ਪੀ.ਸੀ.ਐੱਲ. ਦੇ ਅਧਿਕਾਰੀਆਂ ਅਤੇ ਤਕਨੀਕੀ ਸਟਾਫ਼ ਵਲੋਂ ਲੋਕਾਂ ਨੂੰ ਘਰਾਂ ’ਤੇ ਸੋਲਰ ਕੁਨੈਕਸ਼ਨ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਦੇ ਨਾਲ ਹੀ ਸੌਰ ਊਰਜਾ ਦੇ ਫਾਇਦਿਆਂ, ਸੋਲਰ ਕੁਨੈਕਸ਼ਨ ਲਗਾਉਣ ਤੋਂ ਬਾਅਦ ਬਿਜਲੀ ਦੇ ਬਿੱਲ ਵਿਚ ਹੋਣ ਵਾਲੀ ਬੱਚਤ ਅਤੇ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਪੀ.ਐੱਸ.ਪੀ.ਸੀ.ਐੱਲ. ਦੇ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦਾ ਮੁੱਖ ਮਕਸਦ ਲੋਕਾਂ ਨੂੰ ਸੌਰ ਊਰਜਾ ਵੱਲ ਉਤਸ਼ਾਹਿਤ ਕਰਨਾ ਅਤੇ ਸਰਕਾਰੀ ਸਬਸਿਡੀ ਵਾਲੀਆਂ ਸੋਲਰ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਜਾਗਰੂਕ ਕਰਨਾ ਹੈ। ਕੈਂਪਾਂ ਦੌਰਾਨ ਆਮ ਲੋਕਾਂ ਵਲੋਂ ਵੀ ਸੋਲਰ ਕੁਨੈਕਸ਼ਨ ਲੈਣ ’ਚ ਕਾਫ਼ੀ ਦਿਲਚਸਪੀ ਦਿਖਾਈ ਗਈ।