ਰੈੱਡ ਕਰਾਸ ਭਵਨ ਵਿਖੇ ਖ਼ਾਲਿਸਤਾਨ-ਪੱਖੀ ਨਾਅਰੇ ਲਿਖਣ ਦੇ ਦੋਸ਼ ਹੇਠ ਐੱਸ. ਐੱਫ. ਜੇ. ਦੇ 2 ਕਾਰਕੁੰਨ ਗ੍ਰਿਫ਼ਤਾਰ
ਜਲੰਧਰ, 8 ਅਕਤੂਬਰ (ਜਤਿੰਦਰ ਪੰਮੀ)-ਕਮਿਸ਼ਨਰੇਟ ਪੁਲਿਸ ਨੇ ਲਾਜਪਤ ਨਗਰ ਸਥਿਤ ਰੈੱਡ ਕਰਾਸ ਭਵਨ ਦੀ ਕੰਧ ’ਤੇ ਖਾਲਿਸਤਾਨ-ਪੱਖੀ ਨਾਅਰੇ ਲਿਖਣ ਦੇ ਦੋਸ਼ ਹੇਠ ਪਾਬੰਦੀਸ਼ੁਦਾ ਜਥੇਬੰਦੀ ‘ਸਿੱਖਸ ਫਾਰ ਜਸਟਿਸ’ (ਐੱਸ. ਐੱਫ.
ਜਲੰਧਰ, 8 ਅਕਤੂਬਰ (ਜਤਿੰਦਰ ਪੰਮੀ)-ਕਮਿਸ਼ਨਰੇਟ ਪੁਲਿਸ ਨੇ ਲਾਜਪਤ ਨਗਰ ਸਥਿਤ ਰੈੱਡ ਕਰਾਸ ਭਵਨ ਦੀ ਕੰਧ ’ਤੇ ਖਾਲਿਸਤਾਨ-ਪੱਖੀ ਨਾਅਰੇ ਲਿਖਣ ਦੇ ਦੋਸ਼ ਹੇਠ ਪਾਬੰਦੀਸ਼ੁਦਾ ਜਥੇਬੰਦੀ ‘ਸਿੱਖਸ ਫਾਰ ਜਸਟਿਸ’ (ਐੱਸ. ਐੱਫ. ਜੇ.) ਦੇ 2 ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੁਖਪ੍ਰੀਤ ਸਿੰਘ ਤੇ ਰਾਜਦੀਪ ਸਿੰਘ ਦੋਵੇਂ ਵਾਸੀ ਪਿੰਡ ਨਿਹਾਲੂਵਾਲ ਵਜੋਂ ਹੋਈ ਹੈ। ਦੋਵਾਂ ਮੁਲਜ਼ਮਾਂ ਦਾ ਅਪਰਾਧਿਕ ਪਿਛੋਕੜ ਰਿਹਾ ਹੈ ਤੇ ਉਨ੍ਹਾਂ ਵਿਰੁੱਧ ਅਸਲਾ ਐਕਟ ਅਤੇ ਐੱਨ.ਡੀ.ਪੀ.ਐੱਸ. ਐਕਟ ਆਦਿ ਤਹਿਤ ਕਈ ਮਾਮਲੇ ਦਰਜ ਹਨ। ਪੁਲਿਸ ਟੀਮਾਂ ਨੇ ਉਨ੍ਹਾਂ ਦਾ ਹੀਰੋ ਸਪਲੈਂਡਰ ਮੋਟਰਸਾਈਕਲ ਜਿਸ ਦੀ ਵਰਤੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਕੀਤੀ ਗਈ ਸੀ, ਵੀ ਬਰਾਮਦ ਕਰ ਲਿਆ ਹੈ। ਇਸ ਸੰਬੰਧੀ ਜਾਰੀ ਬਿਆਨ ਰਾਹੀਂ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਲੰਘੀ 29 ਸਤੰਬਰ ਨੂੰ ਇੱਥੇ ਰੈੱਡ ਕਰਾਸ ਭਵਨ ਦੀ ਬਾਹਰੀ ਕੰਧ ’ਤੇ ਖਾਲਿਸਤਾਨ-ਪੱਖੀ ਨਾਅਰੇ ਲਿਖੇ ਹੋਏ ਮਿਲੇ ਸਨ। ਬਾਅਦ ਵਿੱਚ ਪਾਬੰਦੀਸ਼ੁਦਾ ਜਥੇਬੰਦੀ ਦੇ ਮੁੱਖ ਸਾਜ਼ਿਸ਼ਕਰਤਾ ਗੁਰਪਤਵੰਤ ਸਿੰਘ ਪੰਨੂ ਨੇ ਇਸ ਸੰਬੰਧੀ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਵੀਡੀਓ ਵੀ ਵਾਇਰਲ ਕੀਤੀ ਸੀ। ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਤੁਰੰਤ ਕਾਰਵਾਈ ਕਰਦਿਆਂ ਐੱਫ. ਆਈ. ਆਰ. ਦਰਜ ਕੀਤੀ ਅਤੇ ਡੀ. ਸੀ. ਪੀ. ਸਿਟੀ ਆਦਿਤਿਆ ਐੱਸ. ਵਾਰੀਅਰ ਤੇ ਡੀ. ਸੀ. ਪੀ. ਇਨਵੈਸਟੀਗੇਸ਼ਨ ਮਨਪ੍ਰੀਤ ਸਿੰਘ ਢਿੱਲੋਂ ਦੀ ਨਿਗਰਾਨੀ ਹੇਠ ਜਾਂਚ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਸਫਲਤਾਪੂਰਵਕ ਦੋਵਾਂ ਸ਼ੱਕੀਆਂ ਦੀ ਪਛਾਣ ਕਰਕੇ ਗ੍ਰਿਫਤਾਰ ਕਰ ਲਿਆ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਗ੍ਰਿਫਤਾਰ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ 14 ਤੇ 15 ਸਤੰਬਰ ਦੀ ਦਰਮਿਆਨੀ ਰਾਤ ਨੂੰ ਉਨ੍ਹਾਂ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਚੱਬੇਵਾਲ ਨੇੜਲੇ ਪਿੰਡ ਬਾੜੀਆਂ ਕਲਾਂ ਵਿਖੇ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਭੰਨ-ਤੋੜ ਵੀ ਕੀਤੀ ਸੀ। ਇਸ ਸਬੰਧੀ ਥਾਣਾ ਚੱਬੇਵਾਲ ਵਿਖੇ ਬੀ. ਐੱਨ. ਐੱਸ. ਦੀ ਧਾਰਾ 298 ਤਹਿਤ ਐੱਫ. ਆਈ. ਆਰ. ਪਹਿਲਾਂ ਹੀ ਦਰਜ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਇਸ ਮਾਮਲੇ ਨਾਲ ਜੁੜੀਆਂ ਪਿਛਲੀਆਂ ਤੇ ਅਗਲੀਆਂ ਕੜੀਆਂ ਦਾ ਪਤਾ ਲਗਾਇਆ ਜਾ ਸਕੇ ਅਤੇ ਇਸ ਸਾਜ਼ਿਸ਼ ਵਿੱਚ ਸ਼ਾਮਲ ਹੋਰ ਸਾਥੀਆਂ ਦੀ ਪਛਾਣ ਕੀਤੀ ਜਾ ਸਕੇ।