ਪੁਲਿਸ ਨੇ ਕੰਮ ਰੁਕਵਾਇਆ, ਫਿਰ ਵੀ ਰਾਤ ਦੇ ਹਨੇਰੇ ’ਚ ਲੱਗਦਾ ਰਿਹਾ ਮੋਬਾਈਲ ਟਾਵਰ!
ਮਕਸੂਦਾਂ, 31 ਅਕਤੂਬਰ (ਸੌਰਵ ਮਹਿਤਾ) : ਨੂਰਪੁਰ ਕਾਲੋਨੀ ਵਿੱਚ ਲਗਾਏ ਜਾ ਰਹੇ ਮੋਬਾਈਲ ਟਾਵਰ ਨੂੰ ਲੈ ਕੇ ਇਲਾਕਾ ਵਾਸੀਆਂ ਅਤੇ ਟਾਵਰ ਲਗਾਉਣ ਵਾਲਿਆਂ ਵਿਚਕਾਰ ਵਿਵਾਦ ਪੈਦਾ ਹੋ ਗਿਆ ਹੈ। ਰਿਹਾਇਸ਼ੀ ਇਲਾਕੇ ਵਿੱਚ ਲਗਾਏ ਜਾ ਰਹੇ ਇਸ ਟਾਵਰ ਦਾ ਸਥਾਨਕ ਲੋਕਾਂ ਵੱਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ।
ਮਕਸੂਦਾਂ, 31 ਅਕਤੂਬਰ (ਸੌਰਵ ਮਹਿਤਾ) : ਨੂਰਪੁਰ ਕਾਲੋਨੀ ਵਿੱਚ ਲਗਾਏ ਜਾ ਰਹੇ ਮੋਬਾਈਲ ਟਾਵਰ ਨੂੰ ਲੈ ਕੇ ਇਲਾਕਾ ਵਾਸੀਆਂ ਅਤੇ ਟਾਵਰ ਲਗਾਉਣ ਵਾਲਿਆਂ ਵਿਚਕਾਰ ਵਿਵਾਦ ਪੈਦਾ ਹੋ ਗਿਆ ਹੈ। ਰਿਹਾਇਸ਼ੀ ਇਲਾਕੇ ਵਿੱਚ ਲਗਾਏ ਜਾ ਰਹੇ ਇਸ ਟਾਵਰ ਦਾ ਸਥਾਨਕ ਲੋਕਾਂ ਵੱਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਲੋਕਾਂ ਦਾ ਦੋਸ਼ ਹੈ ਕਿ ਸਬੰਧਿਤ ਵਿਭਾਗਾਂ ਦੀਆਂ ਲੋੜੀਂਦੀਆਂ ਮਨਜ਼ੂਰੀਆਂ ਅਤੇ ਇਲਾਕਾ ਵਾਸੀਆਂ ਦੀ ਸਹਿਮਤੀ ਤੋਂ ਬਿਨਾਂ ਹੀ ਟਾਵਰ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਇਸ ਕਾਰਨ ਬੱਚਿਆਂ, ਬਜ਼ੁਰਗਾਂ ਅਤੇ ਹੋਰ ਵਸਨੀਕਾਂ ਦੀ ਸਿਹਤ ਤੇ ਸੁਰੱਖਿਆ ਨੂੰ ਲੈ ਕੇ ਚਿੰਤਾ ਹੈ। ਜਾਣਕਾਰੀ ਅਨੁਸਾਰ ਟਾਵਰ ਲਗਾਉਣ ਦਾ ਕੰਮ ਹੁੰਦਾ ਦੇਖ ਕੇ ਇਲਾਕਾ ਵਾਸੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਥਾਣਾ ਨੰਬਰ 8 ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਕੰਮ ਬੰਦ ਕਰਵਾ ਦਿੱਤਾ। ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਪੁਲਿਸ ਦੇ ਮੌਕੇ ਤੋਂ ਜਾਣ ਤੋਂ ਬਾਅਦ ਵੀ ਟਾਵਰ ਲਗਾਉਣ ਵਾਲਿਆਂ ਨੇ ਕੰਮ ਮੁੜ ਸ਼ੁਰੂ ਕਰ ਦਿੱਤਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਕੰਮ ਰੁਕਵਾਉਣ ਦੇ ਬਾਵਜੂਦ ਰਾਤ ਸਮੇਂ ਵੀ ਟਾਵਰ ਲਗਾਉਣ ਦਾ ਕੰਮ ਜਾਰੀ ਰਿਹਾ। ਇਸ ਦੌਰਾਨ ਕੰਮ ਹੁੰਦਾ ਦੇਖ ਕੇ ਇਲਾਕਾ ਵਾਸੀਆਂ ਨੇ ਇਸ ਦੀਆਂ ਤਸਵੀਰਾਂ ਖਿੱਚ ਕੇ ਵੀ ਭੇਜੀਆਂ। ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਵੀ ਰੋਸ ਹੈ। ਉਨ੍ਹਾਂ ਸਵਾਲ ਉਠਾਇਆ ਕਿ ਜੇਕਰ ਪੁਲਿਸ ਨੇ ਕੰਮ ਬੰਦ ਕਰਵਾ ਦਿੱਤਾ ਸੀ ਤਾਂ ਫਿਰ ਕਿਸ ਦੇ ਕਹਿਣ ‘ਤੇ ਅਤੇ ਕਿਸ ਦੇ ਸਹਾਰੇ ਇਹ ਕੰਮ ਮੁੜ ਸ਼ੁਰੂ ਕੀਤਾ ਗਿਆ? ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਦੇ ਹੁਕਮਾਂ ਦੀ ਵੀ ਪ੍ਰਵਾਹ ਨਾ ਕਰਦਿਆਂ ਕੰਮ ਜਾਰੀ ਰਹਿਣਾ ਕਈ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਟਾਵਰ ਲਗਾਉਣ ਸਬੰਧੀ ਸਾਰੀਆਂ ਮਨਜ਼ੂਰੀਆਂ ਦੀ ਜਾਂਚ ਕੀਤੀ ਜਾਵੇ ਅਤੇ ਮਾਮਲੇ ਵਿੱਚ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਇਲਾਕਾ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਟਾਵਰ ਲਗਾਉਣ ਦਾ ਕੰਮ ਪੱਕੇ ਤੌਰ ‘ਤੇ ਬੰਦ ਨਾ ਕਰਵਾਇਆ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਹਾਲਤ ਵਿੱਚ ਰਿਹਾਇਸ਼ੀ ਇਲਾਕੇ ਵਿੱਚ ਟਾਵਰ ਨਹੀਂ ਲੱਗਣ ਦਿੱਤਾ ਜਾਵੇਗਾ। ਇਸ ਮੌਕੇ ਸੰਦੀਪ ਕੁਮਾਰ, ਨਿਹਾਲ, ਪ੍ਰਿੰਸ, ਸਿਮਰਨ, ਜਸਵੰਤ ਕੌਰ, ਜੋਗਿੰਦਰ ਕੌਰ, ਕਾਂਤਾ ਰਾਣੀ, ਨੇਹਾ, ਕੁੰਦਨ ਕੁਮਾਰ, ਅਜੈ ਕੁਮਾਰ, ਪ੍ਰਦੀਪ ਸ਼ਰਮਾ, ਸੁਨੀਲ ਕੁਮਾਰ, ਪ੍ਰਕਾਸ਼ ਕੌਰ, ਮਾਲਤੀ ਦੇਵੀ, ਜਤਿੰਦਰ ਕੌਰ, ਰੀਤਾ, ਗਗਨਦੀਪ, ਰਾਜ ਰਾਣੀ, ਸੁਰਜੀਤ ਸਿੰਘ, ਅਮਰਜੀਤ ਕੌਰ, ਏਕਤਾ, ਸੌਰਵ, ਅਭਿਲਾਸ਼ਾ, ਕਮਲਪ੍ਰੀਤ, ਸੰਜੂ ਦੇਵੀ, ਪ੍ਰੀਤੀ, ਬਲਵਿੰਦਰ ਕੌਰ, ਇੰਦੂ ਰਾਣੀ ਸਮੇਤ ਹੋਰ ਇਲਾਕਾ ਵਾਸੀ ਮੌਜੂਦ ਸਨ। 31ਮਕਸੂਦਾਂ04ਲੋਕਲ ਪੁਲਿਸ ਵੱਲੋਂ ਕੰਮ ਰੁਕਵਾਉਣ ਦੇ ਬਾਵਜੂਦ ਰਾਤ ਸਮੇਂ ਮੁੜ ਜਾਰੀ ਰਿਹਾ ਮੋਬਾਈਲ ਟਾਵਰ ਲਗਾਉਣ ਦਾ ਕੰਮ, ਇਲਾਕਾ ਵਾਸੀਆਂ ਵੱਲੋਂ ਖਿੱਚੀ ਗਈ ਤਸਵੀਰ।