ਬਿਆਨ ਦਰਜ ਹੋਣ ਦੇ ਬਾਵਜੂਦ ਐੱਫ.ਆਈ.ਆਰ. ਦੀ ਉਡੀਕ, ਪੁਲਿਸ ਦੀ ਕਾਰਗੁਜ਼ਾਰੀ ’ਤੇ ਉੱਠੇ ਸਵਾਲ
ਮਕਸੂਦਾਂ 31 ਅਕਤੂਬਰ (ਸੌਰਵ ਮਹਿਤਾ) : ਮਕਸੂਦਾਂ ਦੇ ਨਿਊ ਆਨੰਦ ਨਗਰ ਵਿੱਚ ਸਹੁਰਾ ਪਰਿਵਾਰ ਵੱਲੋਂ ਕਥਿਤ ਤੌਰ ’ਤੇ ਪ੍ਰੇਸ਼ਾਨ ਕੀਤੇ ਜਾਣ ਅਤੇ ਜ਼ਹਿਰੀਲੀ ਦਵਾਈ ਪਿਲਾਉਣ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਵਿਆਹੁਤਾ ਮਨਦੀਪ ਕੌਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਵੀ ਐੱਫ. ਆਈ.
ਜ
ਜ਼ਹਿਰੀਲੀ ਦਵਾਈ ਨਿਗਲਣ ਦੇ ਮਾਮਲੇ ਵਿੱਚ ਹਸਪਤਾਲ ਵਿਖੇ ਇਲਾਜ ਅਧੀਨ ਮਨਦੀਪ ਕੌਰ ਦੀ ਤਸਵੀਰ
01-11-2026
ਮਕਸੂਦਾਂ 31 ਅਕਤੂਬਰ (ਸੌਰਵ ਮਹਿਤਾ) : ਮਕਸੂਦਾਂ ਦੇ ਨਿਊ ਆਨੰਦ ਨਗਰ ਵਿੱਚ ਸਹੁਰਾ ਪਰਿਵਾਰ ਵੱਲੋਂ ਕਥਿਤ ਤੌਰ ’ਤੇ ਪ੍ਰੇਸ਼ਾਨ ਕੀਤੇ ਜਾਣ ਅਤੇ ਜ਼ਹਿਰੀਲੀ ਦਵਾਈ ਪਿਲਾਉਣ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਵਿਆਹੁਤਾ ਮਨਦੀਪ ਕੌਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਵੀ ਐੱਫ.ਆਈ.ਆਰ. ਦਰਜ ਨਾ ਕੀਤੇ ਜਾਣ ਕਾਰਨ ਪੁਲਿਸ ਦੀ ਕਾਰਵਾਈ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਡਾਕਟਰਾਂ ਵੱਲੋਂ ਮਨਦੀਪ ਕੌਰ ਨੂੰ ਬਿਆਨ ਦੇਣ ਲਈ ਫਿੱਟ ਕਰਾਰ ਦਿੱਤੇ ਜਾਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਨੇ ਉਸ ਦੇ ਬਿਆਨ ਦਰਜ ਕੀਤੇ ਹਨ। ਹਾਲਾਂਕਿ ਦਵਾਈ ਦੇ ਅਸਰ ਕਾਰਨ ਉਹ ਹਾਲੇ ਕੁਝ ਖਾ-ਪੀ ਨਹੀਂ ਸਕਦੀ। ਮਨਦੀਪ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਾਇਆ ਕਿ ਉਸ ਦੇ ਸਹੁਰੇ ਮੱਖਣ ਸਿੰਘ ਨੇ ਉਸ ਨੂੰ ਫੜ ਕੇ ਜ਼ਬਰਦਸਤੀ ਮੂੰਹ ਵਿੱਚ ਜ਼ਹਿਰੀਲੀ ਦਵਾਈ ਪਿਲਾਈ ਸੀ। ਉਸ ਨੇ ਬਾਅਦ ਵਿੱਚ ਮੂੰਹ ਵਿੱਚ ਪਾਣੀ ਪਾ ਕੇ ਕਾਫ਼ੀ ਦਵਾਈ ਬਾਹਰ ਕੱਢ ਦਿੱਤੀ ਸੀ, ਪਰ ਕੁਝ ਦਵਾਈ ਅੰਦਰ ਚਲੀ ਜਾਣ ਕਾਰਨ ਉਸ ਦੀ ਹਾਲਤ ਵਿਗੜ ਗਈ। ਉੱਧਰ ਥਾਣਾ ਨੰਬਰ ਇਕ ਦੇ ਮੁਖੀ ਜਸਪਾਲ ਸਿੰਘ ਨੇ ਦੱਸਿਆ ਕਿ ਵਿਆਹੁਤਾ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਲਗਾਏ ਗਏ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਮਨਦੀਪ ਕੌਰ ਦੇ ਭਰਾ ਜਗਜੀਤ ਸਿੰਘ ਨੇ ਪੁਲਿਸ ਦੀ ਕਾਰਗੁਜ਼ਾਰੀ ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਦੋਸ਼ ਲਾਇਆ ਕਿ ਪਹਿਲੇ ਦਿਨ ਹੀ ਪੁਲਿਸ ਨੇ ਉਸ ਦੇ ਸਹੁਰੇ ਨੂੰ ਕਾਬੂ ਕਰਨ ਤੋਂ ਬਾਅਦ ਛੱਡ ਦਿੱਤਾ ਸੀ ਅਤੇ ਹੁਣ ਬਿਆਨ ਦਰਜ ਹੋਣ ਦੇ ਬਾਵਜੂਦ ਕੇਸ ਦਰਜ ਕਰਨ ਵਿੱਚ ਦੇਰੀ ਕੀਤੀ ਜਾ ਰਹੀ ਹੈ। ਉਸ ਨੇ ਕਿਹਾ ਕਿ ਜੇਕਰ ਉਸ ਦੀ ਭੈਣ ਨਾਲ ਕੋਈ ਅਣਹੋਣੀ ਵਾਪਰ ਜਾਂਦੀ ਤਾਂ ਸ਼ਾਇਦ ਪੁਲਿਸ ਨੇ ਤੁਰੰਤ ਐੱਫ.ਆਈ.ਆਰ. ਦਰਜ ਕਰ ਲੈਣੀ ਸੀ, ਪਰ ਜ਼ਿੰਦਾ ਵਿਅਕਤੀ ਨੂੰ ਇਨਸਾਫ਼ ਲੈਣ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ। ਉਸ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੁਲਿਸ ਨੇ ਕੇਸ ਦਰਜ ਨਾ ਕੀਤਾ ਤਾਂ ਪਰਿਵਾਰ ਸੜਕਾਂ ’ਤੇ ਉਤਰ ਕੇ ਸੰਘਰਸ਼ ਕਰੇਗਾ। - ਥਾਣਾ ਨੰਬਰ ਇਕ ਦੇ ਬਾਹਰ ਪਹਿਲਾਂ ਵੀ ਦੋ ਵਾਰ ਲੱਗ ਚੁੱਕਾ ਹੈ ਧਰਨਾ ਜ਼ਿਕਰਯੋਗ ਹੈ ਕਿ ਇਸੇ ਨਿਊ ਆਨੰਦ ਨਗਰ ਵਿੱਚ ਪ੍ਰੇਮਿਕਾ ਦੇ ਘਰ ਜ਼ਹਿਰੀਲੀ ਦਵਾਈ ਨਿਗਲਣ ਤੋਂ ਬਾਅਦ ਦਮ ਤੋੜਨ ਵਾਲੇ ਨੌਜਵਾਨ ਓਮਵੀਰ ਦੇ ਪਰਿਵਾਰਕ ਮੈਂਬਰ ਵੀ ਕੇਸ ਦਰਜ ਕਰਵਾਉਣ ਲਈ ਥਾਣਾ ਨੰਬਰ ਇਕ ਦੇ ਬਾਹਰ ਦੋ ਵਾਰ ਧਰਨਾ ਲਗਾ ਚੁੱਕੇ ਹਨ। ਪਰਿਵਾਰ ਦਾ ਦੋਸ਼ ਸੀ ਕਿ ਓਮਵੀਰ ਵੱਲੋਂ ਛੱਡੇ ਗਏ ਖ਼ੁਦਕੁਸ਼ੀ ਨੋਟ ਵਿੱਚ ਉਨ੍ਹਾਂ ਵਿਅਕਤੀਆਂ ਦੇ ਨਾਂ ਸਪੱਸ਼ਟ ਲਿਖੇ ਹੋਣ ਦੇ ਬਾਵਜੂਦ ਪੁਲਿਸ ਕਾਰਵਾਈ ਨਹੀਂ ਕਰ ਰਹੀ ਸੀ, ਜਿਨ੍ਹਾਂ ਤੋਂ ਦੁਖੀ ਹੋ ਕੇ ਉਸ ਨੇ ਇਹ ਕਦਮ ਚੁੱਕਿਆ ਸੀ। ਦੂਜੀ ਵਾਰ ਧਰਨਾ ਲੱਗਣ ਤੋਂ ਬਾਅਦ ਪੁਲਿਸ ਨੇ ਓਮਵੀਰ ਦੀ ਪ੍ਰੇਮਿਕਾ, ਉਸ ਦੀ ਮਾਂ ਅਤੇ ਹੋਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ, ਪਰ ਹਾਲੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ। ਦੋਵੇਂ ਮਾਮਲਿਆਂ ਵਿੱਚ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਉੱਠ ਰਹੇ ਸਵਾਲਾਂ ਨੇ ਥਾਣਾ ਨੰਬਰ ਇਕ ਦੀ ਕਾਰਗੁਜ਼ਾਰੀ ’ਤੇ ਚਰਚਾ ਛੇੜ ਦਿੱਤੀ ਹੈ।