ਦੀਵਾਲੀ ਵਾਲੀ ਸਵੇਰ ਪ੍ਰਤਾਬਪੁਰਾ ਅੱਡੇ ’ਤੇ ਲੱਖਾਂ ਦੀ ਸ਼ਰਾਬ ਚੋਰੀ
ਬਿਨਾਂ ਨੰਬਰ ਪਲੇਟਾਂ ਵਾਲੀ ਸਵਿਫਟ ਗੱਡੀ ’ਚ ਆਏ ਚੋਰ, ਗਰਿੱਲ ਤੋੜ ਕੇ 3 ਲੱਖ ਦੀ ਸ਼ਰਾਬ ਉਡਾਈ
ਬਿਲਗਾ, 9 ਨਵੰਬਰ (ਤਜਿੰਦਰ ਕੁਮਾਰ)-ਪ੍ਰਤਾਬਪੁਰਾ ਅੱਡੇ ‘ਤੇ ਸਥਿਤ ਸ਼ਰਾਬ ਦੇ ਠੇਕੇ ਤੋਂ ਦਿਵਾਲੀ ਵਾਲੀ ਸਵੇਰ ਲੱਖਾਂ ਰੁਪਏ ਦੀ ਮਹਿੰਗੀ ਸ਼ਰਾਬ ਚੋਰੀ ਹੋਣ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਠੇਕਾ ਮਾਲਕ ਰਾਜਵੀਰ ਸਿੰਘ ਅਨੁਸਾਰ ਤੜਕੇ ਲਗਭਗ 4:00 ਵਜੇ ਕਿਸੇ ਰਾਹਗੀਰ ਨੇ ਉਨ੍ਹਾਂ ਨੂੰ ਫੋਨ ਕਰਕੇ ਸੂਚਨਾ ਦਿੱਤੀ ਕਿ ਠੇਕੇ ਦੀ ਬਾਹਰਲੀ ਗਰਿਲ ਟੁੱਟੀ ਪਈ ਹੈ ਤੇ ਅੰਦਰ ਕੋਈ ਵੀ ਮੌਜੂਦ ਨਹੀਂ ਹੈ।
ਬਿਲਗਾ, 9 ਨਵੰਬਰ (ਤਜਿੰਦਰ ਕੁਮਾਰ)-ਪ੍ਰਤਾਬਪੁਰਾ ਅੱਡੇ ‘ਤੇ ਸਥਿਤ ਸ਼ਰਾਬ ਦੇ ਠੇਕੇ ਤੋਂ ਦਿਵਾਲੀ ਵਾਲੀ ਸਵੇਰ ਲੱਖਾਂ ਰੁਪਏ ਦੀ ਮਹਿੰਗੀ ਸ਼ਰਾਬ ਚੋਰੀ ਹੋਣ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਠੇਕਾ ਮਾਲਕ ਰਾਜਵੀਰ ਸਿੰਘ ਅਨੁਸਾਰ ਤੜਕੇ ਲਗਭਗ 4:00 ਵਜੇ ਕਿਸੇ ਰਾਹਗੀਰ ਨੇ ਉਨ੍ਹਾਂ ਨੂੰ ਫੋਨ ਕਰਕੇ ਸੂਚਨਾ ਦਿੱਤੀ ਕਿ ਠੇਕੇ ਦੀ ਬਾਹਰਲੀ ਗਰਿਲ ਟੁੱਟੀ ਪਈ ਹੈ ਤੇ ਅੰਦਰ ਕੋਈ ਵੀ ਮੌਜੂਦ ਨਹੀਂ ਹੈ। ਸੂਚਨਾ ਮਿਲਦਿਆਂ ਹੀ ਜਦੋਂ ਮਾਲਕ ਮੌਕੇ ‘ਤੇ ਪਹੁੰਚੇ ਤਾਂ ਦੇਖਿਆ ਕਿ ਅੰਦਰੋਂ 28 ਪੇਟੀਆਂ ਮਹਿੰਗੀ ਸ਼ਰਾਬ ਗਾਇਬ ਸੀ, ਜਿਸ ਨਾਲ ਉਨ੍ਹਾਂ ਦਾ ਲਗਭਗ 3 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਘਟਨਾ ਦੀ ਇਤਲਾਹ ਮਿਲਦੇ ਹੀ ਥਾਣਾ ਬਿਲਗਾ ਦੇ ਮੁਖੀ ਸਬ ਇੰਸਪੈਕਟਰ ਦਿਲਬਾਗ ਸਿੰਘ ਆਪਣੀ ਪੁਲਿਸ ਟੀਮ ਸਮੇਤ ਤੁਰੰਤ ਮੌਕੇ ‘ਤੇ ਪਹੁੰਚੇ ਤੇ ਘਟਨਾ ਵਾਲੀ ਥਾਂ ਦਾ ਬਾਰੀਕੀ ਨਾਲ ਮੁਆਇਨਾ ਕੀਤਾ। ਥਾਣਾ ਮੁਖੀ ਵਲੋਂ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਆਪ ਚੈੱਕ ਕੀਤੀ ਗਈ, ਜਿਸ ਤੋਂ ਪਤਾ ਲੱਗਾ ਕਿ ਚੋਰ ਬਿਨ੍ਹਾਂ ਨੰਬਰ ਪਲੇਟਾਂ ਵਾਲੀ ਸਵਿਫਟ ਗੱਡੀ ‘ਚ ਆਏ ਸਨ। ਇਸ ਤੋਂ ਇਲਾਵਾ ਫੁਟੇਜ ਤੋਂ ਇਹ ਵੀ ਸਾਫ਼ ਹੋਇਆ ਕਿ ਠੇਕੇ ਦਾ 51 ਸਾਲਾ ਕਰਿੰਦਾ ਰਾਮਾ ਸ਼ੰਕਰ (ਵਾਸੀ ਕੁਸ਼ੀਨਗਰ, ਯੂ.ਪੀ.) ਖ਼ੁਦ ਇਨ੍ਹਾਂ ਚੋਰਾਂ ਨਾਲ ਮਿਲਿਆ ਹੋਇਆ ਸੀ ਤੇ ਘਟਨਾ ਤੋਂ ਬਾਅਦ ਰਾਤ ਤੋਂ ਹੀ ਫਰਾਰ ਹੈ। ਥਾਣਾ ਮੁਖੀ ਦਿਲਬਾਗ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਫਰਾਰ ਕਰਿੰਦੇ ਰਾਮਾ ਸ਼ੰਕਰ ਤੇ ਸਵਿਫਟ ਗੱਡੀ ਸਵਾਰ ਉਸ ਦੇ ਸਾਥੀਆਂ ਦੀ ਭਾਲ ਲਈ ਵੱਖ-ਵੱਖ ਟੀਮਾਂ ਗਠਿਤ ਕਰਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਭੇਜਿਆ ਜਾਵੇਗਾ।