ਜਲੰਧਰ, 13 ਨਵੰਬਰ (ਐੱਮ. ਐੱਸ. ਲੋਹੀਆ)-ਮਾਸਟਰ ਤਾਰਾ ਸਿੰਘ ਨਗਰ ਵਿਖੇ ਕੋਠੀ ਨੰਬਰ 438 ਦੇ ਬਾਹਰ ਲੱਗੇ ਬਿਜਲੀ ਦੇ ਖੰਭੇ ’ਤੇ ਵਿਭਾਗ ਵਲੋਂ ਲਾਪ੍ਰਵਾਹੀ ਨਾਲ ਬੰਨ੍ਹੀਆਂ ਤਾਰਾਂ ਨੂੰ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ। ਅੱਗ ਇਨੀ ਭਿਆਨਕ ਸੀ ਕਿ ਉੱਚੇ-ਉੱਚੇ ਭਾਂਬੜ ਮਚਣ ਲੱਗੇ, ਤਾਰਾਂ ਦੇ ਸਪਾਰਕ ਨਾਲ ਵੱਜੇ ਪਟਾਕਿਆਂ ਦੀ ਆਵਾਜ਼ ਸੁਣ ਕੇ ਇਲਾਕੇ ਦੇ ਲੋਕ ਘਰਾਂ ਤੋਂ ਬਾਹਰ ਆ ਗਏ। ਇਸ ਘਟਨਾ ਨਾਲ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਉੱਥੋਂ ਲੰਘ ਰਹੇ ਇਕ ਆਟੋ ਚਾਲਕ ਨੇ ਆਪਣੇ ਕੋਲ ਮੌਜੂਦ ਅੱਗ ਬੁਝਾਊ ਯੰਤਰ ਦੀ ਸਹਾਇਤਾ ਨਾਲ ਅੱਗ ’ਤੇ ਸਪਰੇਅ ਕੀਤਾ, ਪਰ ਅੱਗ ਨੂੰ ਕੋਈ ਫ਼ਰਕ ਨਹੀਂ ਪਿਆ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਇਸ ਸੰਬੰਧੀ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ ਸੀ, ਪਰ ਕੋਈ ਵੀ ਸਹਾਇਤਾ ਨਹੀਂ ਪਹੁੰਚੀ, ਜਦਕਿ ਬਿਜਲੀ ਵਿਭਾਗ ਨੂੰ ਸੂਚਿਤ ਕੀਤੇ ਜਾਣ ’ਤੇ ਤੁਰੰਤ ਵਿਭਾਗ ਦੇ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ ਅਤੇ ਉਨ੍ਹਾਂ ਬਿਜਲੀ ਦੀ ਸਪਲਾਈ ਨੂੰ ਬੰਦ ਕਰਕੇ ਅੱਗ ’ਤੇ ਕਾਬੂ ਪਾਇਆ। ਇਸ ਤੋਂ ਬਾਅਦ ਬਿਜਲੀ ਵਿਭਾਗ ਦੀ ਟੀਮ ਵਲੋਂ ਸਾਰਾ ਦਿਨ ਲਗਾਤਾਰ ਕਾਰਵਾਈ ਕੀਤੀ ਜਾਂਦੀ ਰਹੀ, ਇਸ ਦੇ ਬਾਵਜੂਦ ਦੇਰ ਸ਼ਾਮ ਤੱਕ ਬਿਜਲੀ ਦੀ ਸਪਲਾਈ ਚਾਲੂ ਨਹੀਂ ਕੀਤੀ ਜਾ ਸਕੀ। ਜੇਕਰ ਵਿਭਾਗ ਦੇ ਮੁਲਾਜ਼ਮ ਪਹਿਲਾਂ ਤੋਂ ਹੀ ਸਪਲਾਈ ਦੀਆਂ ਤਾਰਾਂ ਦੀ ਵਿਵਸਥਾ ਨੂੰ ਠੀਕ ਢੰਗ ਨਾਲ ਰੱਖਣ ਤਾਂ ਅਜਿਹੇ ਹਾਦਸੇ ਹੋਣ ਤੋਂ ਟਾਲੇ ਜਾ ਸਕਦੇ ਹਨ।